ਕੈਨੇਡਾ ''ਚ ਡਾਕਟਰਾਂ ਦੀ ਅਣਗਹਿਲੀ ਨੇ ਉਜਾੜੀ ਇਕ ਹੋਰ ਬੱਚੀ ਦੀ ਜ਼ਿੰਦਗੀ, ਹਲੂਣ ਕੇ ਰੱਖ ਦਿੱਤੇ ਭਾਰਤੀ (ਤਸਵੀਰਾਂ)

03/22/2017 12:37:31 PM

ਟੋਰਾਂਟੋ— ਕੈਨੇਡਾ ਦੇ ਐਬਟਸਫੋਰਡ ਵਿਖੇ ਸਥਿਤ ਹਸਪਤਾਲ ਦੇ ਸਟਾਫ ਅਤੇ ਡਾਕਟਰਾਂ ਦੀ ਅਣਗਹਿਲੀ ਕਾਰਨ ਮੌਤ ਦੇ ਮੂੰਹ ਵਿਚ ਗਈ 3 ਸਾਲਾ ਨਿਮਰਤ ਗਿੱਲ ਦੀਆਂ ਯਾਦਾਂ ਅਜੇ ਧੁੰਦਲੀਆਂ ਵੀ ਨਹੀਂ ਹੋਈਆਂ ਸਨ ਕਿ ਇਕ ਹੋਰ ਘਟਨਾ ਨੇ ਭਾਰਤੀ ਭਾਈਚਾਰੇ ਨੂੰ ਹਲੂਣ ਕੇ ਰੱਖ ਦਿੱਤਾ। ਡਾਕਟਰਾਂ ਦੀ ਅਣਗਹਿਲੀ ਕਰਕੇ ਮਿਸੀਗਾਗਾ ਵਿਖੇ ਰਹਿੰਦੀ ਇਕ 11 ਸਾਲਾ ਭਾਰਤੀ ਕੁੜੀ ਨੁਪੁਰ ਦੀ ਲੱਤ ਅਤੇ ਬਾਂਹ ਕੱਟਣੀ ਪਈ ਅਤੇ ਉਹ ਜ਼ਿੰਦਗੀ ਭਰ ਲਈ ਲਾਚਾਰ ਬਣ ਗਈ। ਨੁਪੁਰ ਨੂੰ ਮਾਮੂਲੀ ਜਿਹਾ ਬੁਖਾਰ ਹੋਇਆ ਸੀ, ਜਿਸ ਕਰਕੇ ਉਸ ਨੂੰ ਥ੍ਰੀਲੀਅਮ ਹਸਪਤਾਲ ਲਿਜਾਇਆ ਗਿਆ। ਪਹਿਲਾਂ ਦੋ ਵਾਰ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਬੱਚੀ ਨੂੰ ਫਲੂ ਹੋਇਆ ਹੈ ਅਤੇ ਉਸ ਨੂੰ ਦਵਾਈ ਦੇ ਕੇ ਘਰ ਭੇਜ ਦਿੱਤਾ ਗਿਆ। ਤੀਜੀ ਵਾਰ ਨੁਪੁਰ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੇ ਦਿਲ ਨੇ ਧੜਕਣਾ ਲਗਭਗ ਬੰਦ ਕਰ ਦਿੱਤਾ ਸੀ। ਡਾਕਟਰਾਂ ਨੇ ਉਸ ਨੂੰ ਜੀਵਨ ਰੱਖਿਆ ਪ੍ਰਣਾਲੀ ''ਤੇ ਰੱਖ ਕੇ ਉਸ ਦੇ ਦਿਲ ਦੀ ਧੜਕਣ ਨੂੰ ਚਾਲੂ ਕਰਕੇ ਉਸ ਦਾ ਇਲਾਜ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਨੁਪੁਰ ''ਤੇ ਕਿਸੀ ਜ਼ਬਰਸਦਤ ਇਨਫੈਕਸ਼ਨ ਦਾ ਹਮਲਾ ਹੋਇਆ ਹੈ ਅਤੇ ਇਸ ਨੂੰ ਰੋਕਣ ਲਈ ਉਸ ਐਂਟੀਬਾਇਓਟਿਕਸ ਦਵਾਈਆਂ ਦਿੱਤੀਆਂ ਗਈਆਂ। ਨੁਪੁਰ ਦੀ ਹਾਲਤ ਵਿਚ ਥੋੜ੍ਹਾ ਜਿਹਾ ਸੁਧਾਰ ਹੋਣ ''ਤੇ ਉਸ ਨੂੰ ਸਿਕਕਿਡਸ ਹਸਪਤਾਲ ਵਿਖੇ ਲਿਜਾਇਆ ਗਿਆ। ਸਿਕਕਿਡਸ ਹਸਪਤਾਲ ਵਿਚ ਇਕ ਹਫਤਾ ਜੀਵਨ ਰੱਖਿਆ ਪ੍ਰਣਾਲੀ ''ਤੇ, 17 ਦਿਨਾਂ ਤੱਕ ਆਈ. ਸੀ. ਯੂ. ਵਿਚ ਰਹਿਣ ਤੋਂ ਬਾਅਦ ਹੋਏ ਟੈਸਟਾਂ ਵਿਚ ਸਾਫ ਹੋਇਆ ਕਿ ਨੁਪੁਰ ''ਤੇ ''ਸਟਰੈਪਟੋਕੋਕਸ ਏ'' ਬੈਕਟੀਰੀਅਲ ਇਨਫੈਕਸ਼ਨ ਨੇ ਹਮਲਾ ਕੀਤਾ ਸੀ। ਉਸ ਦੀ ਜ਼ਿੰਦਗੀ ਬਚਾਉਣ ਲਈ ਉਸ ਦੀ ਲੱਤ ਅਤੇ ਬਾਂਹ ਕੱਟਣੀ ਪਈ।
ਨੁਪੁਰ ਦੀ ਮਾਂ ਨੇ ਡਾਕਟਰਾਂ ''ਤੇ ਲਾਏ ਦੋਸ਼—
ਨੁਪੁਰ ਦੀ ਮਾਂ ਨੇ ਦੋਸ਼ ਲਗਾਇਆ ਹੈ ਕਿ ਇਕ ਦਿਨ ਬੁਖਾਰ ਚੜ੍ਹਨ ਤੋਂ ਬਾਅਦ ਜਦੋਂ ਤਿੰਨ ਦਿਨਾਂ ਤੱਕ ਉਸ ਦੀ ਲੱਤ ਅਤੇ ਬਾਂਹ ਵਿਚ ਭਿਆਨਕ ਦਰਦ ਹੋ ਰਹੀ ਸੀ ਤਾਂ ਡਾਕਟਰਾਂ ਨੇ ਹੋਰ ਟੈਸਟ ਕਿਉਂ ਨਾ ਕੀਤੇ। ਉਸ ਨੇ ਕਿਹਾ ਕਿ ਨੁਪੁਰ ਦੀ ਬੀਮਾਰੀ ਦਾ ਪਤਾ ਲਗਾਉਣ ਵਿਚ ਕੀਤੀ ਗਈ ਦੇਰੀ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਆਪਰੇਸ਼ਨ ਤੋਂ ਬਾਅਦ ਹੋਸ਼ ਵਿਚ ਆਈ ਨੁਪੁਰ ਵੀ ਹੈਰਾਨ ਹੈ ਕਿ ਮਾਮੂਲੀ ਜਿਹੇ ਬੁਖਾਰ ਅਤੇ ਜੁਕਾਮ ਕਾਰਨ ਉਸ ਦੀ ਲੱਤ ਅਤੇ ਬਾਂਹ ਕਿਵੇਂ ਕੱਟਣੀ ਪਈ। ਉਹ ਲਾਚਾਰ ਅੱਖਾਂ ਨਾਲ ਆਪਣੇ ਮਾਤਾ-ਪਿਤਾ ਅਤੇ ਡਾਕਟਰਾਂ ਵੱਲ ਦੇਖ ਰਹੀ ਹੈ ਪਰ ਕਿਸੇ ਕੋਲ ਉਸ ਦੇ ਸਵਾਲਾਂ ਦਾ ਜਵਾਬ ਨਹੀਂ ਹਨ।
ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ''ਸਟਰੈਪਟੋਕੋਕਸ ਏ'' ਅਜਿਹੀ ਇਨਫੈਕਸ਼ਨ ਹੈ, ਜੋ ਅਚਾਨਕ ਸਰੀਰ ''ਤੇ ਹਮਲਾ ਕਰਦੀ ਹੈ। ਪਹਿਲੇ ਤਿੰਨ ਦਿਨਾਂ ਤੱਕ ਇਹ ਆਮ ਫਲੂ ਵਾਂਗ ਲੱਗਦੀ ਹੈ ਅਤੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰ ਜਾਂਦੀ ਹੈ। ਇਸ ਘਟਨਾ ਤੋਂ ਬਾਅਦ ਨੁਪੁਰ ਦੀ ਜ਼ਿੰਦਗੀ ਤਾਂ ਬਚ ਗਈ ਪਰ ਉਸ ਦੀਆਂ ਖੁਸ਼ੀਆਂ ਉੱਜੜ ਗਈਆਂ।

Kulvinder Mahi

News Editor

Related News