6 ਬੱਚਿਆਂ ਸਮੇਤ ਅਮਰੀਕਾ ਤੋਂ ਭਾਰਤ ਭੱਜੇ ਜੋੜੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਜਾਣੋ ਕੀ ਹੈ ਮਾਮਲਾ

04/08/2023 1:30:39 PM

ਹਿਊਸਟਨ (ਭਾਸ਼ਾ)- ਅਮਰੀਕਾ ਦੇ ਟੈਕਸਾਸ ਵਿਚ ਕਈ ਮਹੀਨਿਆਂ ਤੋਂ ਲਾਪਤਾ 6 ਸਾਲ ਦੇ ਬੱਚੇ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਉਸ ਦੇ ਮਾਤਾ-ਪਿਤਾ ਭਾਰਤ ਭੱਜ ਗਏ ਹਨ ਅਤੇ ਉਨ੍ਹਾਂ ਖ਼ਿਲਾਫ਼ ਬੱਚੇ ਨੂੰ ਬੇਸਹਾਰਾ ਛੱਡਣ ਅਤੇ ਉਸ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਨੋਏਲ ਰੋਡਰਿਗਜ਼-ਅਲਵਾਰੇਜ਼ ਪਿਛਲੇ ਸਾਲ ਨਵੰਬਰ ਤੋਂ ਲਾਪਤਾ ਹੈ। ਉਹ ਦਿਵਿਆਂਗ ਸੀ। ਐਵਰਮੈਨ ਦੇ ਪੁਲਸ ਮੁਖੀ ਕ੍ਰੇਗ ਸਪੇਂਸਰ ਨੇ ਵੀਰਵਾਰ ਨੂੰ ਕਿਹਾ ਕਿ ਲਾਪਤਾ ਬੱਚੇ ਦੀ ਭਾਲ ਦੇ ਮਾਮਲੇ ਨੂੰ ਕਤਲ ਦੀ ਜਾਂਚ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਬੱਚੇ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸਿੰਗਾਪੁਰ 'ਚ ਸ਼ਾਪਿੰਗ ਮਾਲ ਦੇ ਬਾਹਰ ਨੌਜਵਾਨ ਨੇ ਭਾਰਤੀ ਵਿਅਕਤੀ ਨੂੰ ਪੌੜੀਆਂ ਤੋਂ ਮਾਰਿਆ ਧੱਕਾ, ਖੋਪੜੀ 'ਚ ਹੋਏ ਕਈ ਫਰੈਕਚਰ, ਮੌਤ

ਸਪੇਂਸਰ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਨੋਏਲ ਦੀ ਮਾਂ ਸਿੰਡੀ ਰੋਡਰਿਗਜ਼ ਸਿੰਘ ਅਤੇ ਅਰਸ਼ਦੀਪ ਸਿੰਘ ਖ਼ਿਲਾਫ਼ ਆਪਣੇ ਬੱਚੇ ਨੂੰ ਬੇਸਹਾਰਾ ਛੱਡਣ ਅਤੇ ਉਸ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਣ ਨੂੰ ਲੈ ਕੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਭਗੋੜਿਆਂ ਨੂੰ ਗ੍ਰਿਫ਼ਤਾਰ ਕਰਕੇ ਅਮਰੀਕਾ ਦੇ ਹਵਾਲੇ ਕੀਤਾ ਜਾਵੇ, ਤਾਂ ਕਿ ਅਸੀਂ ਉਨ੍ਹਾਂ ਕੋਲੋਂ ਨੋਏਲ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਲੈ ਸਕੀਏ। ਨੋਏਲ, 37 ਸਾਲਾ ਸਿੰਡੀ ਦੇ 10 ਬੱਚਿਆਂ ਵਿਚੋਂ ਇਕ ਸੀ।

ਇਹ ਵੀ ਪੜ੍ਹੋ: 'ਸੱਸ' ਸੁਧਾ ਮੂਰਤੀ ਨੂੰ ਪਦਮ ਭੂਸ਼ਣ ਮਿਲਣ 'ਤੇ ਖ਼ੁਸ਼ ਹੋਏ ਬ੍ਰਿਟਿਸ਼ PM ਸੁਨਕ, ਲਿਖਿਆ- 'ਮਾਣ ਦਾ ਦਿਨ'

ਉਸ ਦੇ 3 ਭੈਣ-ਭਰਾ ਆਪਣੇ ਦਾਦਾ-ਦਾਦੀ ਦੇ ਨਾਲ ਰਹਿੰਦੇ ਹਨ, ਜਦੋਂ ਕਿ ਨੋਏਲ ਅਤੇ ਹੋਰ ਐਵਰਮੈਨ ਦੇ ਇੱਕ ਇਲਾਕੇ ਵਿੱਚ ਝੌਂਪੜੀ ਵਿੱਚ ਆਪਣੀ ਮਾਂ ਸਿੰਡੀ ਨਾਲ ਰਹਿੰਦੇ ਸਨ। ਨੋਏਲ ਦਾ ਭਾਰਤੀ ਮੂਲ ਦਾ ਮਤਰੇਆ ਪਿਤਾ ਅਰਸ਼ਦੀਪ ਵੀ ਝੌਂਪੜੀ ਵਿੱਚ ਰਹਿੰਦਾ ਸੀ। ਐਵਰਮੈਨ ਪੁਲਸ ਨੇ ਰਿਪੋਰਟ ਦਿੱਤੀ ਕਿ 20 ਮਾਰਚ ਨੂੰ ਟੈਕਸਾਸ ਡਿਪਾਰਟਮੈਂਟ ਆਫ਼ ਫੈਮਲੀ ਸਰਵਿਸਿਜ਼ ਨੇ ਪੁਲਸ ਨੂੰ ਐਵਰਮੈਨ ਵਿਖੇ ਭਲਾਈ ਜਾਂਚ ਕਰਨ ਲਈ ਕਿਹਾ ਸੀ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਮੇਰਾ ਨਾਂ' 'ਚ ਪੱਟ 'ਤੇ ਥਾਪੀ ਮਾਰਦੇ ਨਜ਼ਰ ਆਏ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ

ਐੱਨ.ਬੀ.ਸੀ. ਨਿਊਜ਼ ਨੇ ਸਪੇਂਸਰ ਦੇ ਹਵਾਲੇ ਨਾਲ ਦੱਸਿਆ ਕਿ 22 ਮਾਰਚ ਨੂੰ ਨੋਏਲ ਦੀ ਮਾਂ ਸਿੰਡੀ, ਉਸ ਦਾ ਪਤੀ ਅਰਸ਼ਦੀਪ ਅਤੇ ਉਨ੍ਹਾਂ ਦੇ 6 ਬੱਚੇ ਜਹਾਜ਼ ਰਾਹੀਂ ਭਾਰਤ ਲਈ ਰਵਾਨਾ ਹੋਏ ਪਰ ਨੋਏਲ ਉਨ੍ਹਾਂ ਦੇ ਨਾਲ ਨਹੀਂ ਸੀ। ਅਧਿਕਾਰੀਆਂ ਨੇ ਸਿੰਡੀ ਅਤੇ ਉਸ ਦੇ ਪਤੀ ਅਰਸ਼ਦੀਪ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਉਹ ਜੋੜੇ ਨੂੰ ਭਾਰਤ ਤੋਂ ਅਮਰੀਕਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਸ ਨੇ ਗੁਪਤ ਸੂਹ ਮਿਲਣ 'ਤੇ ਨੋਏਲ ਦੀ ਭਾਲ ਸ਼ੁਰੂ ਕੀਤੀ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੱਚਾ ਪਿਛਲੇ ਸਾਲ ਨਵੰਬਰ ਤੋਂ ਲਾਪਤਾ ਹੈ। ਪੁਲਸ ਨੇ ਕਿਹਾ, 'ਅਸੀਂ ਆਪਣੇ ਸੰਘੀ ਭਾਈਵਾਲਾਂ ਨਾਲ ਕੰਮ ਕਰ ਰਹੇ ਹਾਂ।'

ਇਹ ਵੀ ਪੜ੍ਹੋ: ਮਨੁੱਖੀ ਤਸਕਰੀ ਦੇ ਮਾਮਲੇ 'ਚ ਫਸਿਆ ਸਿਮਰਨਜੀਤ ਸਿੰਘ, ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ US ਭੇਜੇ ਹਜ਼ਾਰਾਂ ਲੋਕ

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News