ਦੁਖ਼ਭਰੀ ਖ਼ਬਰ; ਅਮਰੀਕਾ ''ਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, ਯੂਨੀਵਰਸਿਟੀ ਦੇ ਕੈਂਪਸ ''ਚੋਂ ਮਿਲੀ ਲਾਸ਼
Tuesday, Jan 30, 2024 - 05:28 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਸਥਿਤ ਵੱਕਾਰੀ ਪਰਡਿਊ ਯੂਨੀਵਰਸਿਟੀ ਦੇ ਲਾਪਤਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਯੂਨੀਵਰਸਿਟੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਭਾਰਤੀ ਵਿਦਿਆਰਥੀ ਨੀਲ ਆਚਾਰੀਆ ਐਤਵਾਰ ਨੂੰ ਲਾਪਤਾ ਹੋ ਗਿਆ ਸੀ। ਪਰਡਿਊ ਦੇ ਕੈਂਪਸ ਵਿਚ ਮੌਰਿਸ ਜੇ. ਜ਼ੁਕਰੋ ਪ੍ਰਯੋਗਸ਼ਾਲਾ ਦੇ ਨੇੜੇ ਨੀਲ ਦੀ ਲਾਸ਼ ਮਿਲਣ ਤੋਂ ਬਾਅਦ ਟਿਪੇਕੇਨੋ ਕਾਉਂਟੀ ਕੋਰੋਨਰ ਦਫ਼ਤਰ ਦੇ ਅਧਿਕਾਰੀਆਂ ਨੂੰ ਸੁਚੇਤ ਕੀਤਾ ਗਿਆ ਸੀ।ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਅੰਤਰਿਮ ਮੁਖੀ ਕ੍ਰਿਸ ਕਲਿਫਟਨ ਨੇ ਸੋਮਵਾਰ ਨੂੰ ਵਿਭਾਗ ਨੂੰ ਭੇਜੀ ਇੱਕ ਈਮੇਲ ਵਿੱਚ ਕਿਹਾ, 'ਬਹੁਤ ਦੁੱਖ ਨਾਲ ਮੈਂ ਤੁਹਾਨੂੰ ਸੂਚਿਤ ਕਰਦਾ ਹਾਂ ਕਿ ਸਾਡੇ ਇੱਕ ਵਿਦਿਆਰਥੀ ਨੀਲ ਆਚਾਰੀਆ ਦਾ ਦਿਹਾਂਤ ਹੋ ਗਿਆ ਹੈ। ਕੰਪਿਊਟਰ ਸਾਇੰਸ ਵਿਭਾਗ ਉਨ੍ਹਾਂ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਮੈਂ ਉਸ ਦੇ ਜਾਣ ਨਾਲ ਬਹੁਤ ਦੁਖੀ ਹਾਂ। ਮੇਰੀ ਹਮਦਰਦੀ ਉਸਦੇ ਦੋਸਤਾਂ, ਪਰਿਵਾਰ ਅਤੇ ਸਾਰੇ ਪ੍ਰਭਾਵਿਤ ਲੋਕਾਂ ਦੇ ਨਾਲ ਹੈ।'
ਇਹ ਵੀ ਪੜ੍ਹੋ: ਕੈਨੇਡਾ ਨੇ ਪੰਜਾਬ ਦੇ ਵਸਨੀਕ ਬਿਪਿਨਜੋਤ ਗਿੱਲ ਨੂੰ ਭਾਰਤ ਕੀਤਾ ਡਿਪੋਰਟ, ਜਾਣੋ ਕੀ ਲੱਗੇ ਹਨ ਦੋਸ਼
ਕਲਿਫਟਨ ਨੇ ਕਿਹਾ ਕਿ ਨੀਲ ਅਕਾਦਮਿਕ ਤੌਰ 'ਤੇ ਪ੍ਰਤਿਭਾਸ਼ਾਲੀ ਵਿਦਿਆਰਥੀ ਸੀ। ਉਸਨੇ ਕੰਪਿਊਟਰ ਵਿਗਿਆਨ ਅਤੇ ਡਾਟਾ ਵਿਗਿਆਨ ਵਿੱਚ ਡਿਗਰੀ ਪ੍ਰਾਪਤ ਕੀਤੀ ਸੀ ਅਤੇ ਉਹ ਜੌਨ ਮਾਰਟਿਨਸਨ ਆਨਰਜ਼ ਕਾਲਜ ਵਿੱਚ ਪੜ੍ਹਦਾ ਸੀ। ਕਲਿਫਟਨ ਨੇ ਸਥਾਨਕ 'ਪਰਡਿਊ ਐਕਸਪੋਨੈਂਟ' ਅਖ਼ਬਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ 'ਡੀਨ ਆਫ ਸਟੂਡੈਂਟਸ' ਦੇ ਦਫਤਰ ਤੋਂ ਨੀਲ ਦੀ ਮੌਤ ਦੀ ਪੁਸ਼ਟੀ ਕਰਨ ਵਾਲੀ ਈਮੇਲ ਮਿਲੀ ਹੈ। ਨੀਲ ਦੀ ਮੌਤ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਨੀਲ ਦੀ ਮੌਤ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਉਸ ਦੀ ਮਾਂ ਗੌਰੀ ਆਚਾਰੀਆ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਸੀ, ''ਸਾਡਾ ਪੁੱਤਰ ਨੀਲ ਆਚਾਰੀਆ 28 ਜਨਵਰੀ ਤੋਂ ਲਾਪਤਾ ਹੈ। ਉਹ ਅਮਰੀਕਾ ਵਿੱਚ ਪਰਡਿਊ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ। ਆਖ਼ਰੀ ਵਾਰ ਉਸ ਨੂੰ ਉਬੇਰ ਡਰਾਈਵਰ ਨੇ ਦੇਖਿਆ ਸੀ। ਉਸਨੇ ਉਸਨੂੰ ਪਰਡਿਊ ਯੂਨੀਵਰਸਿਟੀ ਵਿੱਚ ਛੱਡਿਆ ਸੀ। ਜੇਕਰ ਤੁਹਾਨੂੰ ਕੁਝ ਪਤਾ ਹੈ, ਤਾਂ ਕਿਰਪਾ ਕਰਕੇ ਸਾਡੀ ਮਦਦ ਕਰੋ।'' ਸ਼ਿਕਾਗੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਪੋਸਟ ਦੇ ਜਵਾਬ ਵਿੱਚ ਕਿਹਾ ਸੀ, '' ਕੌਂਸਲੇਟ ਪਰਡਿਊ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਨੀਲ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਕੌਂਸਲੇਟ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ।''
ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਇਹ ਖ਼ਬਰ ਸੁਰਖੀਆਂ 'ਚ ਹੈ ਕਿ ਅਮਰੀਕਾ ਦੇ ਜਾਰਜੀਆ ਦੇ ਲਿਥੋਨੀਆ ਸ਼ਹਿਰ ਵਿੱਚ ਨਸ਼ੇ ਦੇ ਆਦੀ ਇਕ ਬੇਘਰ ਵਿਅਕਤੀ ਨੇ 25 ਸਾਲਾ ਭਾਰਤੀ ਵਿਦਿਆਰਥੀ ਦੇ ਸਿਰ 'ਤੇ ਕਰੀਬ 50 ਵਾਰ ਹਥੌੜੇ ਨਾਲ ਹਮਲਾ ਕੀਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਅਟਲਾਂਟਾ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਕੈਮਰੇ 'ਤੇ ਰਿਕਾਰਡ ਹੋ ਗਈ, ਜਿਸ ਵਿਚ ਹਮਲਾਵਰ ਜੂਲੀਅਨ ਫਾਕਨਰ ਹਾਲ ਹੀ ਵਿਚ ਐੱਮ.ਬੀ.ਏ. ਕਰਨ ਵਾਲੇ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦੇ ਸਿਰ 'ਤੇ ਹਥੌੜੇ ਨਾਲ ਲਗਭਗ 50 ਵਾਰ ਬੇਰਹਿਮੀ ਨਾਲ ਮਾਰਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀ ਦਾ ਅਮਰੀਕਾ 'ਚ ਬੇਰਹਿਮੀ ਨਾਲ ਕਤਲ, ਹਥੌੜੇ ਨਾਲ ਕੀਤੇ ਗਏ 50 ਵਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।