ਬੰਗਲਾਦੇਸ਼ ''ਚ ਘੱਟ ਗਿਣਤੀਆਂ ''ਤੇ ਕਹਿਰ; 6 ਮਹੀਨਿਆਂ ''ਚ 824 ਘਟਨਾਵਾਂ ਦਰਜ
Tuesday, Jul 28, 2026 - 01:00 PM (IST)
ਇੰਟਰਨੈਸ਼ਨਲ ਡੈਸਕ: ਬੰਗਲਾਦੇਸ਼ ਵਿੱਚ ਰਹ ਰਹੀਆਂ ਘੱਟ ਗਿਣਤੀਆਂ ਵਿਰੁੱਧ ਹਿੰਸਾ ਅਤੇ ਅੱਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। 'ਹਿਊਮਨ ਰਾਈਟਸ ਕਾਂਗਰਸ ਫਾਰ ਬੰਗਲਾਦੇਸ਼ ਮਾਈਨੋਰਿਟੀਜ਼' (HRCBM) ਦੁਆਰਾ ਜਾਰੀ ਕੀਤੀ ਗਈ ਸਾਲ 2026 ਦੀ ਛੇ ਮਹੀਨਿਆਂ ਦੀ ਰਾਸ਼ਟਰੀ ਰਿਪੋਰਟ ਅਨੁਸਾਰ ਦੇਸ਼ ਦੇ 64 ਵਿੱਚੋਂ 63 ਜ਼ਿਲ੍ਹਿਆਂ ਵਿੱਚ ਘੱਟ ਗਿਣਤੀਆਂ ਵਿਰੁੱਧ ਅੱਤਿਆਚਾਰ ਜਾਰੀ ਹਨ। ਰਿਪੋਰਟ ਵਿੱਚ ਜਨਵਰੀ ਤੋਂ ਜੂਨ 2026 ਦਰਮਿਆਨ ਹਿੰਸਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ 824 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।
HRCBM ਦੀ ਰਿਪੋਰਟ ਵਿੱਚ ਪੀੜਤਾਂ ਦੇ ਭਿਆਨਕ ਵੇਰਵੇ ਦਿੱਤੇ ਗਏ ਹਨ, ਜਿਸ ਮੁਤਾਬਕ 168 ਕਤਲ ਅਤੇ ਰਹੱਸਮਈ ਮੌਤਾਂ, 223 ਅਗਵਾ ਅਤੇ ਸਰੀਰਕ ਹਮਲੇ, 41 ਜਿਨਸੀ ਹਿੰਸਾ ਅਤੇ ਸਮੂਹਿਕ ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ। ਇਸ ਤੋਂ ਇਲਾਵਾ, 141 ਮੰਦਰਾਂ ਅਤੇ ਧਾਰਮਿਕ ਸੰਸਥਾਵਾਂ 'ਤੇ ਹਮਲੇ ਅਤੇ 234 ਘਟਨਾਵਾਂ ਜ਼ਮੀਨ ਹੜੱਪਣ, ਸਾੜਫੂਕ ਅਤੇ ਲੁੱਟਮਾਰ ਨਾਲ ਸਬੰਧਤ ਸਨ। ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸਿਰਫ਼ ਅਲੱਗ-ਥਲੱਗ ਅਪਰਾਧ ਨਹੀਂ ਹਨ, ਸਗੋਂ ਇਹ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਇੱਕ ਵਿਆਪਕ ਰਾਸ਼ਟਰੀ ਸੰਕਟ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਘੱਟ ਗਿਣਤੀਆਂ ਦੀ ਅਸੁਰੱਖਿਆ ਖ਼ਤਮ ਨਹੀਂ ਹੋਈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ
ਸੰਸਥਾ ਮੁਤਾਬਕ ਪੀੜਤਾਂ ਨੂੰ ਸਮੇਂ ਸਿਰ ਪੁਲਿਸ ਸੁਰੱਖਿਆ ਨਹੀਂ ਮਿਲ ਰਹੀ ਅਤੇ ਜਾਂਚ ਅਧੂਰੀ ਰਹਿ ਜਾਂਦੀ ਹੈ, ਜਿਸ ਕਾਰਨ ਦੋਸ਼ੀ ਬਿਨਾਂ ਕਿਸੇ ਡਰ ਦੇ ਘੁੰਮ ਰਹੇ ਹਨ। HRCBM ਨੇ ਬੰਗਲਾਦੇਸ਼ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਮਿਸ਼ਨ ਆਫ ਇਨਕੁਆਇਰੀ ਐਕਟ, 1956 ਦੇ ਤਹਿਤ ਇੱਕ ਸੁਤੰਤਰ ਅਤੇ ਨਿਰਪੱਖ ਜਾਂਚ ਕਮਿਸ਼ਨ ਬਣਾਇਆ ਜਾਵੇ। ਇਸ ਕਮਿਸ਼ਨ ਦੀ ਅਗਵਾਈ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜਾਂ ਸੇਵਾਮੁਕਤ ਜੱਜ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਸੰਸਥਾ ਨੇ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਦੇ ਹੋਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜਨੀਤਿਕ ਹਿੱਤਾਂ ਕਾਰਨ ਇਸ ਮਨੁੱਖੀ ਸੰਕਟ 'ਤੇ ਚੁੱਪ ਨਾ ਬੈਠਣ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦੇ ਦੁੱਖਾਂ ਨੂੰ ਅਣਗੌਲਿਆ ਕਰਨਾ ਦੋਸ਼ੀਆਂ ਦੇ ਹੌਸਲੇ ਹੋਰ ਵਧਾਉਂਦਾ ਹੈ। ਬੰਗਲਾਦੇਸ਼ ਦੀਆਂ ਘੱਟ ਗਿਣਤੀਆਂ ਨੂੰ ਹੁਣ ਹੋਰ ਹਿੰਸਾ, ਇਨਕਾਰ ਅਤੇ ਲਾਚਾਰੀ ਦੇ ਚੱਕਰ ਵਿੱਚ ਨਹੀਂ ਰੱਖਿਆ ਜਾ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
