ਬੰਗਲਾਦੇਸ਼ ''ਚ ਸਾਬਕਾ ਮੰਤਰੀ ਹਸਨੁਲ ਹੱਕ ਇਨੂੰ ਨੂੰ 10 ਸਾਲ ਦੀ ਸਜ਼ਾ, ਸਮਰਥਕਾਂ ''ਚ ਭਾਰੀ ਨਿਰਾਸ਼ਾ
Wednesday, Jul 22, 2026 - 01:25 PM (IST)
ਇੰਟਰਨੈਸ਼ਨਲ ਡੈਸਕ: ਬੰਗਲਾਦੇਸ਼ ਦੇ ਇੰਟਰਨੈਸ਼ਨਲ ਕ੍ਰਾਈਮਜ਼ ਟ੍ਰਿਬਿਊਨਲ (ICT) ਨੇ ਜਾਤੀਆ ਸਮਾਜਤਾਂਤਰਿਕ ਦਲ (JSD) ਦੇ ਪ੍ਰਧਾਨ ਅਤੇ ਅਵਾਮੀ ਲੀਗ ਸਰਕਾਰ ਵਿੱਚ ਸਾਬਕਾ ਮੰਤਰੀ ਰਹੇ ਹਸਨੁਲ ਹੱਕ ਇਨੂੰ ਨੂੰ ਮਾਨਵਤਾ ਵਿਰੁੱਧ ਅਪਰਾਧਾਂ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਨੂੰ ਪੰਜ ਹੋਰ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।
ਸਰੋਤਾਂ ਅਨੁਸਾਰ ਇਸ ਮੁਕੱਦਮੇ ਵਿੱਚ ਪੇਸ਼ ਕੀਤੇ ਗਏ ਸਬੂਤਾਂ ਦੀ ਭਰੋਸੇਯੋਗਤਾ 'ਤੇ ਸਵਾਲ ਉੱਠ ਰਹੇ ਹਨ। ਰਿਪੋਰਟਾਂ ਮੁਤਾਬਕ ਜਿਨ੍ਹਾਂ ਤਿੰਨ ਦੋਸ਼ਾਂ ਵਿੱਚ ਇਨੂੰ ਨੂੰ ਸਜ਼ਾ ਹੋਈ ਹੈ, ਉਨ੍ਹਾਂ ਦੇ ਸਬੂਤ ਕਾਫੀ ਕਮਜ਼ੋਰ ਦੱਸੇ ਜਾ ਰਹੇ ਹਨ। ਉਦਾਹਰਨ ਵਜੋਂ, ਇੱਕ ਦੋਸ਼ ਕੁਸ਼ਤੀਆ ਵਿੱਚ ਵਿਦਿਆਰਥੀਆਂ ਦੇ ਕਤਲ ਨਾਲ ਸਬੰਧਤ ਸੀ, ਜਿੱਥੇ ਇਨੂੰ ਦੀ ਪੁਲਿਸ ਅਧਿਕਾਰੀ ਨਾਲ ਹੋਈ ਗੱਲਬਾਤ ਅਤੇ ਕਤਲ ਦੀ ਘਟਨਾ ਵਿਚਕਾਰ 15 ਦਿਨਾਂ ਦਾ ਅੰਤਰ ਸੀ ਅਤੇ ਕੋਈ ਸਿੱਧਾ ਸਬੰਧ ਸਾਬਤ ਨਹੀਂ ਹੋ ਸਕਿਆ। ਇਸ ਫੈਸਲੇ ਨੂੰ ਲੈ ਕੇ ਇਹ ਚਰਚਾ ਤੇਜ਼ ਹੈ ਕਿ ਕੀ ਇਹ ਸਜ਼ਾ ਸਬੂਤਾਂ ਦੇ ਆਧਾਰ 'ਤੇ ਹੋਈ ਹੈ ਜਾਂ ਸਿਆਸੀ ਰੰਜਿਸ਼ ਕਾਰਨ। ਦੋਸ਼ ਲਾਇਆ ਜਾ ਰਿਹਾ ਹੈ ਕਿ ਸਰਕਾਰੀ ਵਕੀਲਾਂ ਨੇ ਸੁਤੰਤਰ ਜਾਂਚ ਦੀ ਬਜਾਏ ਪੱਖਪਾਤੀ ਅਤੇ ਬਾਹਰੀ ਸਮਾਜਿਕ ਦਬਾਅ ਹੇਠ ਇਹ ਮਾਮਲਾ ਚਲਾਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ 'ਰੈਂਟਲ ਸਕੈਮ' ਦਾ ਪਰਦਾਫਾਸ਼, 27 ਸਾਲਾ ਸਵਰੀਤ ਕੌਰ ਗ੍ਰਿਫ਼ਤਾਰ
ਇਨੂੰ ਲੰਬੇ ਸਮੇਂ ਤੋਂ ਸ਼ੇਖ ਹਸੀਨਾ ਦੇ ਸਿਆਸੀ ਸਹਿਯੋਗੀ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਇਸ ਸਜ਼ਾ ਨੂੰ ਸਿਆਸੀ ਨਿਸ਼ਾਨਾ ਦੱਸਿਆ ਜਾ ਰਿਹਾ ਹੈ। ਅਦਾਲਤ ਵਿੱਚ ਇਨੂੰ 'ਤੇ ਕਈ ਗੰਭੀਰ ਦੋਸ਼ ਲਗਾਏ ਗਏ ਸਨ, ਜਿਨ੍ਹਾਂ ਵਿਚ ਟੈਲੀਵਿਜ਼ਨ ਇੰਟਰਵਿਊਆਂ ਰਾਹੀਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ 'ਅੱਤਵਾਦੀ' ਕਹਿ ਕੇ ਹਿੰਸਾ ਭੜਕਾਉਣ ਦਾ ਦੋਸ਼, ਸ਼ੇਖ ਹਸੀਨਾ ਨਾਲ ਮਿਲ ਕੇ ਅੰਦੋਲਨ ਨੂੰ ਦਬਾਉਣ ਲਈ 'ਗੋਲੀ ਮਾਰਨ' ਦੇ ਹੁਕਮ ਜਾਰੀ ਕਰਨ ਦਾ ਇਲਜ਼ਾਮ ਅਤੇ ਇੱਕ ਸਿਆਸੀ ਪਾਰਟੀ ਜਮਾਤ-ਏ-ਇਸਲਾਮੀ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਮਾਨਵਤਾ ਵਿਰੁੱਧ ਅਪਰਾਧ ਵਜੋਂ ਪੇਸ਼ ਕੀਤਾ ਗਿਆ।
ਮਾਹਿਰਾਂ ਦਾ ਕਹਿਣਾ ਹੈ ਕਿ ਅਦਾਲਤ ਵੱਲੋਂ ਸੁਣਾਇਆ ਗਿਆ ਫੈਸਲਾ ਕਾਨੂੰਨੀ ਮਾਪਦੰਡਾਂ 'ਤੇ ਪੂਰਾ ਨਹੀਂ ਉਤਰਦਾ ਅਤੇ ਇਸ ਨੂੰ 'ਇਨਸਾਫ਼ ਦਾ ਘਾਣ' ਕਿਹਾ ਜਾ ਸਕਦਾ ਹੈ। ਰਿਪੋਰਟਾਂ ਅਨੁਸਾਰ,ਜਿਨ੍ਹਾਂ ਗੱਲਾਂ ਨੂੰ ਕਤਲ ਦੀ ਉਕਸਾਹਟ ਮੰਨਿਆ ਗਿਆ ਹੈ, ਉਹ ਅਸਲ ਵਿੱਚ ਸਖ਼ਤ ਕਰਫਿਊ ਅਤੇ ਗ੍ਰਿਫ਼ਤਾਰੀਆਂ ਨਾਲ ਸਬੰਧਤ ਸਨ, ਨਾ ਕਿ ਕਤਲੇਆਮ ਨਾਲ। ਫਿਲਹਾਲ ਹਸਨੁਲ ਹੱਕ ਇਨੂੰ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ, ਪਰ ਇਸ ਫੈਸਲੇ ਨੇ ਬੰਗਲਾਦੇਸ਼ ਦੇ ਕਾਨੂੰਨੀ ਅਤੇ ਸਿਆਸੀ ਹਲਕਿਆਂ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
