ਕੋਰੋਨਾ ਵਾਇਰਸ ਨਾਲ ਹੋਈ ਮਿਨੀਸੋਟਾ ਰਾਜ ਦੇ ਸੈਨੇਟਰ ਜੈਰੀ ਰੇਲਫ ਦੀ ਮੌਤ
Sunday, Dec 20, 2020 - 11:19 AM (IST)
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ): ਮਿਨੀਸੋਟਾ ਰਾਜ ਦੇ ਇਕ ਸੈਨੇਟਰ, ਜਿਸ ਨੇ ਹਾਲ ਹੀ ’ਚ ਕੋਵਿਡ-19 ਦਾ ਪਾਜ਼ੇਟਿਵ ਟੈਸਟ ਕੀਤਾ ਸੀ, ਦੀ ਇਸ ਬੀਮਾਰੀ ਕਾਰਨ ਸ਼ੁੱਕਰਵਾਰ ਨੂੰ ਮੌਤ ਹੋ ਗਈ ਹੈ। ਪਹਿਲੀ ਮਿਆਦ ਦੇ ਰਿਪਬਲਿਕਨ ਸੈਨੇਟਰ ਜੈਰੀ ਰੇਲਫ ਨੇ ਆਪਣੇ ਇਕ ਵਾਇਰਸ ਇੰਫੈਕਟਿਡ ਕਰਮਚਾਰੀ ਨਾਲ ਸੰਪਰਕ ਹੋਣ ਤੋਂ ਬਾਅਦ ਵਾਇਰਸ ਲਈ ਹਾਂ-ਪੱਖੀ ਟੈਸਟ ਕੀਤਾ ਸੀ।
ਵਾਇਰਸ ਸੰਬੰਧੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਰੇਲਫ 10 ਨਵੰਬਰ ਨੂੰ ਇਕਾਂਤਵਾਸ ਹੋ ਗਏ ਸੀ। ਇਹ 76 ਸਾਲਾ ਵਿਅਤਨਾਮ ਯੁੱਧ ਦਾ ਸੈਨਿਕ, ਜੋ ਹਾਲ ਹੀ ’ਚ ਦੁਬਾਰਾ ਚੋਣ ਹਾਰ ਗਿਆ ਸੀ। ਰਾਜ ਦੇ ਕਈ ਰਿਪਬਲਿਕਨ ਸੈਨੇਟਰਾਂ ’ਚੋਂ ਇਕ ਸੀ, ਜਿਨ੍ਹਾਂ ਨੇ ਨਵੰਬਰ ’ਚ ਇਕ ਚੋਣ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਸੀ। ਇਕ ਰਿਪੋਰਟ ਅਨੁਸਾਰ ਰੇਲਫ ਕੋਵਿਡ ਦੇ ਲੱਛਣਾ ਦਾ ਸਾਹਮਣਾ ਕਰਨ ਤੋਂ ਬਾਅਦ ਦੋ ਵਾਰ ਐਮਰਜੈਂਸੀ ਕਮਰੇ ’ਚ ਗਏ ਪਰ ਹਸਪਤਾਲ ’ਚ ਦਾਖ਼ਲ ਨਹੀਂ ਹੋਏ ਸਨ।
2016 ’ਚ ਸੈਨੇਟਰ ਚੁਣੇ ਗਏ, ਰੇਲਫ ਹਾਲ ਹੀ ’ਚ ਡੀ. ਐੱਫ.ਐੱਲ. ਐਰਿਕ ਪੁਤਨਾਮ ਦੇ ਵਿਰੁੱਧ ਮੁੜ ਚੋਣ ’ਚ ਹਾਰ ਗਏ ਸਨ। ਸੈਨੇਟ ’ਚ ਸੇਵਾ ਕਰਨ ਤੋਂ ਪਹਿਲਾਂ, ਰੇਲਫ ਨੇ ਛੋਟੇ ਕਾਰੋਬਾਰ ਦੇ ਮਾਲਕ ਅਤੇ ਅਟਾਰਨੀ ਦੇ ਤੌਰ ਤੇ ਕੈਰੀਅਰ ਬਣਾਇਆ ਸੀ। ਇਸ ਤੋਂ ਇਲਾਵਾ ਰੇਲਫ ਨੇ ਵੀਅਤਨਾਮ ’ਚ ਸਮੁੰਦਰੀ ਸੈਨਾ ’ਚ ਵੀ ਸੇਵਾ ਕੀਤੀ ਸੀ।