ਯੂ. ਕੇ : ਡਰਾਈਵਰ ਕੋਲੋਂ ਬਰਾਮਦ ਹੋਈ 1.25 ਮਿਲੀਅਨ ਪੌਂਡ ਦੀ ਹੈਰੋਇਨ
Sunday, Sep 06, 2020 - 02:25 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਵਿਚ ਇਕ ਪੋਲਿਸ਼ ਡਰਾਈਵਰ ਕੋਲੋਂ ਇਕ ਮਿਲੀਅਨ ਪੌਂਡ ਤੋਂ ਵੱਧ ਦੀ ਹੈਰੋਇਨ ਫੜੀ ਗਈ ਹੈ ਜਿਸ ਸਮੇਂ ਉਹ ਕਰਿਸਪ ਦੀ ਡਿਲਿਵਰੀ ਕਰ ਰਿਹਾ ਸੀ। ਇਸ ਮਾਮਲੇ ਵਿਚ ਉਸ ਨੂੰ 12 ਸਾਲ ਦੀ ਕੈਦ ਹੋਈ ਹੈ।
49 ਸਾਲਾ ਦਰੀਆਸ ਅਰਬਨ ਨੂੰ 15 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸ ਨੇ ਆਪਣੀ ਗੱਡੀ ਨੂੰ ਐਸੇਕਸ ਦੇ ਹਾਰਵਿਚ ਇੰਟਰਨੈਸ਼ਨਲ ਪੋਰਟ ਵੱਲ ਭਜਾ ਦਿੱਤਾ ਸੀ।
ਉਸ ਦੀ ਗ੍ਰਿਫਤਾਰੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ. ਸੀ. ਏ.) ਵਲੋਂ ਇਕ ਚੋਟੀ ਦੇ ਗੁਪਤ ਸੰਚਾਰ ਨੈੱਟਵਰਕ ਵਿਚ ਸੰਨ੍ਹ ਲਗਾਉਣ ਤੋਂ ਬਾਅਦ ਕੀਤੀ ਗਈ ਜੋ ਕਿ ਵਿਸ਼ਵ ਦੇ ਅਪਰਾਧੀ ਲੋਕਾਂ ਵਲੋਂ ਵਰਤੀ ਜਾਂਦੀ ਹੈ। ਜੁਲਾਈ ਵਿਚ ਅਧਿਕਾਰੀਆਂ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਕੋਲ ਚਾਰ ਸਾਲਾਂ ਦੀ ਜਾਂਚ ਤੋਂ ਬਾਅਦ ਬ੍ਰਿਟੇਨ ਦੇ ਅੰਡਰਵਰਲਡ ਬਾਰੇ ਬਹੁਤ ਜਾਣਕਾਰੀ ਇਕੱਠੀ ਸੀ। ਐੱਨ. ਸੀ. ਏ. ਵੱਲੋਂ ਕੀਤੇ ਇਸ ਅਪਰੇਸਨ ਵਿਚ ਗੱਡੀ ਦੇ ਅੰਦਰੋਂ 25 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਜਿਸ ਦੇ 50 ਪੈਕੇਟ ਬਣਦੇ ਹਨ। ਇਨ੍ਹਾਂ ਦੀ ਕੀਮਤ ਲਗਭਗ 1.25 ਮਿਲੀਅਨ ਪੌਂਡ ਹੈ। ਐੱਨ. ਸੀ. ਏ. ਨੇ ਗ੍ਰਿਫਤਾਰੀ ਨੂੰ ਹੁਣ ਜਨਤਕ ਕਰਨ ਤੋਂ ਬਾਅਦ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਦੋਸ਼ੀ ਅਰਬਨ ਨੇ ਕਲਾਸ ਏ ਨਸ਼ਾ ਦਰਾਮਦ ਕਰਨ ਦੀ ਕੋਸ਼ਿਸ਼ ਕਰਨ ਦੀ ਗੱਲ ਕਬੂਲ ਕੀਤੀ ਅਤੇ ਵੀਰਵਾਰ ਨੂੰ ਚੇਲਮਸਫੋਰਡ ਕ੍ਰਾਉਟਨ ਅਦਾਲਤ ਨੇ ਉਸ ਨੂੰ 12 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ।