ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀ ਭਾਰਤੀ ਦੀ ਕਿਸ਼ਤੀ ਹਾਦਸੇ ''ਚ ਮੌਤ
Sunday, Oct 27, 2024 - 09:47 PM (IST)
ਪੈਰਿਸ (ਏਪੀ) : ਉੱਤਰੀ ਫਰਾਂਸ 'ਚ ਐਤਵਾਰ ਸਵੇਰੇ ਇੱਕ ਕਿਸ਼ਤੀ ਹਾਦਸੇ 'ਚ ਇੱਕ ਭਾਰਤੀ ਨਾਗਰਿਕ (40) ਦੀ ਮੌਤ ਹੋ ਗਈ। ਭਾਰਤੀ ਨਾਗਰਿਕ ਹੋਰ ਪ੍ਰਵਾਸੀਆਂ ਦੇ ਨਾਲ ਕਿਸ਼ਤੀ 'ਤੇ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸ ਦੌਰਾਨ ਕਿਸ਼ਤੀ ਵਿਚੋਂ ਹਵਾ ਨਿਕਲ ਗਈ। ਫਰਾਂਸ ਦੇ ਅਧਿਕਾਰੀਆਂ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ।
ਬਿਆਨ 'ਚ ਕਿਹਾ ਗਿਆ ਹੈ ਕਿ 2018 ਤੋਂ ਛੋਟੀਆਂ ਕਿਸ਼ਤੀਆਂ 'ਤੇ ਜਲ ਖੇਤਰ ਨੂੰ ਪਾਰ ਕਰਨ ਦੀਆਂ ਘਟਨਾਵਾਂ ਵਧੀਆਂ ਹਨ ਜੋ ਪ੍ਰਵਾਸੀਆਂ ਲਈ ਘਾਤਕ ਸਾਬਤ ਹੋ ਰਹੀਆਂ ਹਨ। ਐਤਵਾਰ ਨੂੰ ਇੱਕ ਵਿਅਕਤੀ ਦੀ ਮੌਤ ਨਾਲ ਇਸ ਸਾਲ ਹੁਣ ਤੱਕ ਜਾਨ ਗੁਆਉਣ ਵਾਲਿਆਂ ਦੀ ਗਿਣਤੀ 56 ਹੋ ਗਈ ਹੈ। ਸਥਾਨਕ ਸਮੇਂ ਅਨੁਸਾਰ ਸਵੇਰੇ 5:30 ਵਜੇ ਪ੍ਰਵਾਸੀਆਂ ਦਾ ਇੱਕ ਸਮੂਹ ਕੈਲੇਸ ਤੋਂ ਲਗਭਗ 15 ਮੀਲ (25 ਕਿਲੋਮੀਟਰ) ਪੱਛਮ ਵਿੱਚ ਟਾਰਡਿੰਗਨ ਸ਼ਹਿਰ ਤੋਂ ਆਪਣੀ ਛੋਟੀ ਕਿਸ਼ਤੀ ਵਿੱਚ ਰਵਾਨਾ ਹੋਇਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸ਼ਤੀ 'ਬਹੁਤ ਖਰਾਬ ਹਾਲਤ ਵਿੱਚ ਲੱਗ ਰਹੀ ਸੀ' ਤੇ ਰਵਾਨਾ ਹੋਣ ਤੋਂ ਉਸ ਦੀ ਹਵਾ ਨਿਕਲ ਗਈ। ਪ੍ਰਵਾਸੀ ਤੈਰ ਕੇ ਬੀਚ 'ਤੇ ਗਏ ਪਰ ਸਾਰਿਆਂ ਕੋਲ ਲਾਈਫ ਜੈਕਟਾਂ ਨਹੀਂ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ। ਪੁਲਸ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਪਰ ਉਸ ਨੂੰ ਜ਼ਿੰਦਾ ਨਹੀਂ ਕਰ ਸਕੀ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।