ਚੀਨ ’ਚ ਕਈ ਘੰਟੇ ਵਾਟਰ ਟੈਂਕ ’ਚ ਬਦਲੀ ਰਹੀ ਮੈਟਰੋ ਟਰੇਨ, ਲੋਕ ਬੋਲੇ ਜ਼ਿੰਦਗੀ ਤੇ ਮੌਤ ਦੇ ਭੰਵਰ ’ਚ ਫਸੇ ਸੀ
Friday, Jul 23, 2021 - 11:43 AM (IST)
ਇੰਟਰਨੈਸ਼ਨਲ ਡੈਸਕ : ਚੀਨ ’ਚ ਮੰਗਲਵਾਰ ਨੂੰ ਜਦੋਂ ਹੜ੍ਹ ਦਾ ਪਾਣੀ ਇਕ ਭੀੜ-ਭੜੱਕੇ ਭਰੇ ਮੈਟਰੋ ਸਟੇਸ਼ਨ ਨਾਲ ਟਕਰਾਇਆ ਤਾਂ ਲੋਕਾਂ ’ਚ ਜਾਨ ਬਚਾਉਣ ਲਈ ਭਾਜੜ ਜਿਹੀ ਮਚ ਗਈ। ਚਾਰੇ ਪਾਸੇ ਜਿੱਥੇ ਜਾਨ ਬਚਾਉਣ ਲਈ ਲੋਕਾਂ ਵਿਚ ਹਫੜਾ-ਦਫੜੀ ਦਾ ਮਾਹੌਲ ਸੀ, ਉੱਥੇ ਹੀ ਇਕ ਟਰੇਨ ਪੂਰੀ ਤਰ੍ਹਾਂ ਪਾਣੀ ਦੀ ਲਪੇਟ ਵਿਚ ਆ ਕੇ ਵਾਟਰ ਟੈਂਕ ਵਿਚ ਬਦਲ ਗਈ। ਸੋਸ਼ਲ ਮੀਡੀਆ ’ਤੇ ਅਜਿਹੀਆਂ ਕਈਆਂ ਵੀਡੀਓਜ਼ ਤੇ ਫੋਟੋਆਂ ਸਾਹਮਣੇ ਆਈਆਂ ਹਨ, ਜੋ ਭਿਆਨਕ ਸਨ। ਟਰੇਨ ਦੇ ਅੰਦਰ ਜਦੋਂ ਪਾਣੀ ਰਿਸਣ ਲੱਗਦਾ ਤਾਂ ਗਿੱਟਿਆਂ ਤੋਂ ਲੱਕ ਅਤੇ ਫਿਰ ਗਰਦਨ ਤਕ ਪਹੁੰਚ ਜਾਂਦਾ। ਮੁਸਾਫਰਾਂ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਉਨ੍ਹਾਂ ਨੂੰ ਅਜਿਹਾ ਲੱਗ ਰਿਹਾ ਸੀ ਕਿ ਉਹ ਜ਼ਿੰਦਗੀ ਤੇ ਮੌਤ ਦੇ ਭੰਵਰ ’ਚ ਫਸੇ ਹੋਏ ਹਨ।
ਇਹ ਵੀ ਪੜ੍ਹੋ: ਚੀਨ ’ਚ ਆਇਆ 1000 ਸਾਲਾਂ ਦਾ ਸਭ ਤੋਂ ਭਿਆਨਕ ਹੜ੍ਹ, ਦਰਜਨਾਂ ਲੋਕਾਂ ਦੀ ਮੌਤ (ਤਸਵੀਰਾਂ)
ਟਰੇਨ ਦੇ ਅੰਦਰ ਤੇ ਬਾਹਰ ਦੋਵਾਂ ਥਾਵਾਂ ’ਤੇ ਸੀ ਪਾਣੀ
ਟਰੇਨ ਦੇ ਇਕ ਡੱਬੇ ਵਿਚ ਪਾਣੀ ਰਿਸਦਾ ਸੀ ਅਤੇ ਗਿੱਟਿਆਂ ਤੋਂ ਲੱਕ ਤਕ ਤੇ ਫਿਰ ਗਰਦਨ ਦੀ ਉਚਾਈ ਤਕ ਵਧ ਜਾਂਦਾ ਸੀ। ਘਬਰਾਏ ਮੁਸਾਫਰ ਸਾਹ ਲੈਣ ਲਈ ਜੱਦੋ-ਜਹਿਦ ਕਰ ਰਹੇ ਸਨ। ਇਕ ਵੀਡੀਓ ਵਿਚ ਕੁਝ ਮੁਸਾਫਰਾਂ ਨੂੰ ਕੁਰਸੀਆਂ ’ਤੇ ਖੜ੍ਹੇ ਅਤੇ ਛੱਤ ਨਾਲ ਚਿੰਬੜੇ ਹੋਏ ਵੇਖਿਆ ਜਾ ਸਕਦਾ ਹੈ ਕਿਉਂਕਿ ਹੜ੍ਹ ਦਾ ਪਾਣੀ ਉੱਪਰ ਵੱਲ ਉਛਾਲ ਮਾਰ ਰਿਹਾ ਸੀ। ਹਾਲਾਤ ਅਜਿਹੇ ਸਨ ਕਿ ਟਰੇਨ ਦੇ ਅੰਦਰ ਤੇ ਬਾਹਰ ਦੋਵੇਂ ਪਾਸੇ ਪਾਣੀ ਹੀ ਪਾਣੀ ਸੀ। ਕੁਝ ਨੇ ਸਾਹਮਣੇ ਆਈ ਤ੍ਰਾਸਦੀ ਨੂੰ ਆਪਣੇ ਮੋਬਾਇਲ ਰਾਹੀਂ ਫਿਲਮਾਇਆ, ਜਦੋਂਕਿ ਬਾਕੀਆਂ ਨੇ ਆਪਣੇ ਪਰਿਵਾਰ ਵਾਲਿਆਂ ਤੇ ਦੋਸਤਾਂ-ਰਿਸ਼ਤੇਦਾਰਾਂ ਨੂੰ ਸੱਦਿਆ ਅਤੇ ਜਾਨ ਬਚਾਉਣ ਦੀ ਬੇਨਤੀ ਪੋਸਟ ਕੀਤੀ। ਇਕ ਔਰਤ ਨੇ ਸੋਸ਼ਲ ਮੀਡੀਆ ਸਾਈਟ ਵੀਬੋ ’ਤੇ ਲਿਖਿਆ,‘‘ਮੈਂ ਹੁਣ ਹੋਰ ਨਹੀਂ ਬੋਲ ਸਕਦੀ। ਜੇ 20 ਮਿੰਟਾਂ ’ਚ ਕੋਈ ਬਚਾਅ ਨਾ ਹੋਇਆ ਤਾਂ ਸਾਡੇ ਵਿਚੋਂ ਸੈਂਕੜੇ ਲੋਕ ਆਪਣੀ ਜਾਨ ਗੁਆ ਦੇਣਗੇ।’’
Zhengzhou, China.
— ian bremmer (@ianbremmer) July 20, 2021
Think your commute is bad?
Try getting stuck in a flooded subway train. pic.twitter.com/gE3neHRwhv
ਆਕਸੀਜਨ ਲੈਵਲ ਵੀ ਹੋ ਚੁੱਕਾ ਸੀ ਘੱਟ
ਇਕ ਔਰਤ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਨਾਲ ਟਕਰਾਉਣ ਤੋਂ ਬਾਅਦ ਟਰੇਨ ਇਕ ਘੰਟੇ ਬਾਅਦ ਸੰਘਣੇ ਹਨੇਰੇ ਵਿਚ ਡੁੱਬ ਗਈ ਅਤੇ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਆਕਸੀਜਨ ਦੀ ਸਪਲਾਈ ਵੀ ਘਟਣ ਲੱਗੀ। ਇਕ ਵਿਅਕਤੀ ਨੇ ਖਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਉਹ ਅਸਲ ਵਿਚ ਡਰ ਗਿਆ ਸੀ ਪਰ ਸਭ ਤੋਂ ਭਿਆਨਕ ਚੀਜ਼ ਪਾਣੀ ਨਹੀਂ ਸੀ, ਸਗੋਂ ਹਵਾ ਦੀ ਸਪਲਾਈ ਵਿਚ ਕਮੀ ਸੀ। ਕਈ ਘੰਟਿਆਂ ਦੇ ਡਰ ਤੇ ਬੇਯਕੀਨੀ ਦੇ ਮਾਹੌਲ ਤੋਂ ਬਾਅਦ ਬਚਾਅ ਕਰਮਚਾਰੀ ਟਰੇਨ ਦੀ ਛੱਤ ਰਾਹੀਂ ਡੱਬਿਆਂ ’ਚ ਪਹੁੰਚਣ ਵਿਚ ਸਫਲ ਰਹੇ ਅਤੇ ਲੋਕਾਂ ਨੂੰ ਬਾਹਰ ਕੱਢਿਆ। ਵਰਣਨਯੋਗ ਹੈ ਕਿ ਮੈਟਰੋ ਆਫਤ ਵਿਚ ਘੱਟੋ-ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹੋ ਗਏ। ਇਸ ਖੇਤਰ ਵਿਚ 3 ਦਿਨਾਂ ਵਿਚ ਇੰਨਾ ਜ਼ਿਆਦਾ ਮੀਂਹ ਪਿਆ, ਜੋ ਆਮ ਤੌਰ ’ਤੇ ਇਕ ਸਾਲ ਵਿਚ ਪੈਂਦਾ ਸੀ।
Some of the most severe flooding in decades in Germany.🇩🇪#flooding pic.twitter.com/jygN6L6oaw
— Twisted History (@twistedhistory) July 16, 2021
33 ਵਿਅਕਤੀਆਂ ਦੀ ਮੌਤ, 2 ਲੱਖ ਨੂੰ ਬਚਾਇਆ
ਚੀਨ ਵਿਚ ਇਹ ਬਰਸਾਤ ਦਾ ਸਮਾਂ ਹੈ ਅਤੇ ਇੱਥੇ ਹਰ ਸਾਲ ਹੜ੍ਹ ਆਉਂਦਾ ਹੈ। ਹਾਲਾਂਕਿ ਚੀਨੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਗਲੋਬਲ ਵਾਰਮਿੰਗ ਨੇ ਸਥਿਤੀ ਨੂੰ ਹੋਰ ਜ਼ਿਆਦਾ ਖਤਰਨਾਕ ਬਣਾ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਭਵਿੱਖ ਵਿਚ ਅਜਿਹੀ ਸਥਿਤੀ ਵਾਰ-ਵਾਰ ਆ ਸਕਦੀ ਹੈ। ਹੇਨਾਨ ’ਚ ਘੱਟੋ-ਘੱਟ 33 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 2 ਲੱਖ ਤੋਂ ਵੱਧ ਨੂੰ ਬਚਾਇਆ ਗਿਆ ਹੈ। ਪ੍ਰਮੁੱਖ ਸੜਕਾਂ ਨੇ ਨਦੀਆਂ ਦਾ ਰੂਪ ਲੈ ਲਿਆ ਹੈ ਅਤੇ ਪਾਣੀ ਦੀ ਤੇਜ਼ ਰਫਤਾਰ ਨਾਲ ਕਾਰਾਂ ਤੇ ਮਲਬਾ ਰੁੜ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।