ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਪ੍ਰਵਾਸੀਆਂ ਵੱਲੋਂ ਭਰਵਾਂ ਸਵਾਗਤ
Monday, Dec 03, 2018 - 05:12 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)— ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ ਦੀਆਂ ਕੋਸ਼ਿਸ਼ਾਂ ਦਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਪ੍ਰਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸ ਇਤਿਹਾਸਕ ਪਹਿਲਕਦਮੀ ਵਜ਼ੋਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਪਾਕਿਸਤਾਨੀ ਪੰਜਾਬ ਦੇ ਨੁੰਮਾਇੰਦੇ ਬੀਤੇ ਦਿਨੀਂ ਮੈਲਬੌਰਨ ਦੇ ਗੁਰੂਦੁਆਰਾ ਸਿੰਘ ਸਭਾ ਕਰੇਗੀਬਰਨ ਵਿਖੇ ਨਤਮਸਤਕ ਹੋਏ।ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੀ ਮੈਲਬੌਰਨ ਇਕਾਈ ਦੇ ਪ੍ਰਧਾਨ ਰੁਸਤਮ ਮਿਰਜ਼ਾ ਨੇ ਇਸ ਮੌਕੇ ਖੁਸ਼ੀ ਪ੍ਰਗਟਾਉਦਿਆਂ ਕਿਹਾ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚਕਾਰ ਸਰਹੱਦਾਂ ਖਤਮ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਦੋਹਾਂ ਪਾਸਿਆਂ ਦੀ ਆਵਾਮ ਵਿਚਕਾਰ ਪਿਆਰ, ਮੁਹੱਬਤ ਅਤੇ ਆਪਸੀ ਸਾਂਝ ਹੋਰ ਵੱਧ ਸਕੇ।
ਇਸ ਮੌਕੇ ਹਾਜ਼ਰ ਗੁਰੂਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਦੀ ਦੋਸਤੀ ਨੇ ਅਜਿਹਾ ਇਤਿਹਾਸ ਸਿਰਜਿਆ ਹੈ ਜੋ ਕਿ ਸਿਆਸੀ ਜਮਾਤਾਂ ਪਿਛਲੇ 70 ਸਾਲਾਂ ਵਿਚ ਨਹੀ ਕਰ ਸਕੀਆਂ।ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਾਂ ਇਮਰਾਨ ਖਾਨ ਵਿੱਚੋਂ ਜੇਕਰ ਕੋਈ ਮੈਲਬੌਰਨ ਦੌਰੇ ਤੇ ਆਉਂਦਾ ਹੈ ਤਾਂ ਗੁਰੂਦੁਆਰਾ ਸਾਹਿਬ ਵੱਲੋਂ ਇਹਨਾਂ ਆਗੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਉਹਨਾਂ ਉਮੀਦ ਪ੍ਰਗਟ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘੇ ਤੋਂ ਇਲਾਵਾ ਵਾਹਗਾ ਬਾਰਡਰ ਵੀ ਦੋਹਾਂ ਪੰਜਾਬਾਂ ਲਈ ਖੁੱਲ੍ਹਣਾ ਚਾਹੀਦਾ ਹੈ ਤਾਂ ਜੋ ਵਪਾਰ ਦੇ ਵਧੇਰੇ ਮੌਕੇ ਪੈਦਾ ਹੋ ਸਕਣ।ਕਰਤਾਰਪੁਰ ਲਾਂਘੇ ਦੀ ਖੁਸ਼ੀ ਵਿਚ ਗੁਰੂ ਘਰ ਵੱਲੋਂ ਸੰਗਤਾਂ ਵਿਚ ਲੱਡੂ ਵੰਡੇ ਗਏ।ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਪਾਂਗਲੀ, ਉੱਪ ਪ੍ਰਧਾਨ ਸਤਨਾਮ ਸਿੰਘ ਪਾਬਲਾ, ਸਕੱਤਰ ਗੁਰਦੀਪ ਸਿੰਘ ਮਠਾਰੂ, ਖਜ਼ਾਨਚੀ ਸ਼ੇਰ ਸਿੰਘ ਸਿੱਧੂ, ਜਗਜੀਤ ਸਿੰਘ, ਉਂਕਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਸਨ।