ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਨਵੇਂ ਸੇਵਾਦਾਰ ਚੁਣਨ ਸੰਬੰਧੀ ਮੀਟਿੰਗ 17 ਨਵੰਬਰ ਨੂੰ
Sunday, Nov 17, 2024 - 01:33 PM (IST)
ਰੋਮ (ਦਲਵੀਰ ਕੈਂਥ)- ਇਟਲੀ ਦੇ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ (ਰੋਮ) ਵਿਖੇ ਬੀਤੇ ਕਈ ਮਹੀਨਿਆਂ ਤੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਗੁਰਦੁਆਰਾ ਸਾਹਿਬ ਦੇ ਵਜ਼ੀਰ ਵਿਚਕਾਰ ਆਪਸੀ ਮਨ ਮੁਟਾਵ ਚੱਲ ਰਿਹਾ ਸੀ। ਜਿਸ ਨੂੰ ਨਬੇੜਣ ਲਈ ਸੰਗਤ ਕਾਫ਼ੀ ਕੋਸ਼ਿਸ਼ਾਂ ਕਰ ਰਹੀ ਸੀ। ਪਰ ਮਸਲਾ ਦਿਨੋ ਦਿਨ ਜ਼ੋਰ ਫੜ੍ਹਦਾ ਜਾ ਰਿਹਾ ਸੀ। ਮਸਲੇ ਦਾ ਮੁੱਖ ਕਾਰਨ ਗੁਰਦੁਆਰਾ ਸਾਹਿਬ ਦੇ ਵਜ਼ੀਰ ਦੁਆਲੇ ਘੁੰਮਦਾ ਸੀ। ਅੱਧੀ ਪ੍ਰਬੰਧਕ ਕਮੇਟੀ ਵਜ਼ੀਰ ਸਾਹਿਬ ਨੂੰ ਇਸ ਕਾਰਨ ਬਦਲਣਾ ਚਾਹੁੰਦੀ ਸੀ ਕਿ ਬਾਬਾ ਜੀ ਤੋਂ ਪੂਰਨ ਮਰਿਆਦਾ ਨਹੀਂ ਨਿਭਾਅ ਹੋ ਰਹੀ ਸੀ ਜਦੋਂ ਕਿ ਅੱਧੀ ਕਮੇਟੀ ਤੇ ਸੰਗਤ ਇਹ ਕਹਿ ਰਹੀ ਸੀ ਕਿ ਬਾਬਾ ਜੀ ਪਿਛਲੇ 20 ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਅ ਰਹੇ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਸੇਵਾਮੁਕਤ ਨਹੀਂ ਕੀਤਾ ਜਾ ਸਕਦਾ।
ਇਸ ਤਣਾਅ ਵਾਲੇ ਮਾਹੌਲ ਵਿੱਚ ਸੰਗਤ ਰੂਪੀ ਇੱਕ ਸ਼ਖਸ ਵੱਲੋਂ ਬਾਬਾ ਜੀ ਦੇ ਪੱਖ ਵਿੱਚ ਸੋਸ਼ਲ ਮੀਡੀਏ 'ਤੇ ਇੱਕ ਵੀਡਿਓ ਬਾਬਾ ਜੀ ਨੂੰ ਨਾਲ ਲੈਕੇ ਪਾਈ ਗਈ ਜਿਸ ਨਾਲ ਮਸਲਾ ਸੁਲਝਣ ਦੀ ਬਜਾਏ ਹੋਰ ਵਿਗੜ ਗਿਆ। ਜਿਸ ਨੂੰ ਹੱਲ ਕਰਨ ਲਈ ਨਵ-ਗਠਿਤ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਲਾਸੀਓ ਇਲਾਕੇ ਦੀਆਂ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਥਾਨਕ ਸੰਗਤ ਵਿੱਚ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਵਜ਼ੀਰ ਬਾਬਾ ਜੀ ਨੇ ਆਪ ਹੀ ਤਬੀਅਤ ਠੀਕ ਨਾ ਹੋਣ ਕਾਰਨ ਸੇਵਾ ਮੁੱਕਤ ਹੋਣ ਦਾ ਕਹਿ ਦਿੱਤਾ ਜਿਸ ਨਾਲ ਕਿ ਸਾਰਾ ਮਾਮਲਾ ਕਾਫ਼ੀ ਹੱਦ ਤੱਕ ਹੱਲ ਹੋ ਗਿਆ। ਸੰਗਤ ਵਿਚੋਂ ਹੀ ਇਹ ਆਵਾਜ਼ ਵੀ ਆਈ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵੀ ਪੁਨਰ ਗਠਨ ਕਰੋ ਜਿਸ 'ਤੇ ਹਾਜ਼ਰ ਸਿੱਖ ਆਗੂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਨਵ-ਗਠਿਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਲਾਸੀਓ ਦੇ ਆਗੂਆਂ ਸਹਿਮਤੀ ਪ੍ਰਗਟਾ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਲਾਵਨੀ ਨਾਚ ਨਾਲ ਨਾਈਜੀਰੀਆ 'ਚ PM Modi ਦਾ ਸਵਾਗਤ, ਭਾਰਤੀ ਭਾਈਚਾਰੇ ਨਾਲ ਮੁਲਾਕਾਤ
ਮੀਟਿੰਗ ਵਿੱਚ ਇਸ ਗੱਲ ਨੂੰ ਵੀ ਪੜਚੋਲਿਆ ਗਿਆ ਕਿ ਹੁਣ ਭੱਵਿਖ ਵਿੱਚ ਕੋਈ ਵੀ ਕਿਸੇ ਦੀ ਸ਼ਾਨ ਖ਼ਿਲਾਫ਼ ਕੋਈ ਸੋਸ਼ਲ ਮੀਡੀਏ 'ਤੇ ਪ੍ਰਚਾਰ ਨਹੀਂ ਕਰੇਗਾ ਤੇ ਪੁਰਾਣੀ ਵੀਡਿਓ ਨੂੰ ਸੋਸ਼ਲ ਮੀਡੀਏ ਤੋਂ ਹਟਾ ਦਿੱਤਾ ਜਾਵੇ।ਇਸ ਖਿਲਰੇ ਤਾਣੇ-ਬਾਣੇ ਨੂੰ ਇਕੱਠਾ ਕਰਨ ਦੀਆਂ ਕੋਸ਼ਿਸ਼ ਉਸ ਵਕਤ ਬੇਫ਼ਲ ਲੱਗਣ ਲੱਗੀਆਂ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਤੋਂ ਬਾਹਰ ਆਕੇ ਪਾਰਕਿੰਗ ਸਥਾਨ ਤੇ ਰਾਜੀਨਾਮਾ ਕਰਵਾਉਣ ਵਾਲੀ ਸੰਗਤ ਦੇ ਕੁਝ ਲੋਕ ਆਪਸ ਵਿੱਚ ਫਸ ਪਏ। ਪ੍ਰੈੱਸ ਨੂੰ ਇਸ ਲੜਾਈ ਸੰਬਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ (ਰੋਮ) ਨੇ ਕਿਹਾ ਕਿ ਇਸ ਲੜਾਈ ਦਾ ਕਾਰਨ ਸਾਡੇ ਗੁਰਦੁਆਰਾ ਦਾ ਮਸਲਾ ਨਹੀਂ। ਇਹ ਲੜਨ ਵਾਲੇ ਲੋਕਾਂ ਦੀ ਪਹਿਲਾਂ ਹੀ ਪੁਰਾਣੀ ਟਸੱਲਬਾਜੀ ਚੱਲ ਰਹੀ ਹੈ ਜਿਸ ਕਾਰਨ ਇਹ ਲੋਕ ਜਦੋਂ ਵੀ ਕਿਤੇ ਮੌਕਾ ਮਿਲਦਾ ਤਾਂ ਫੱਸ ਪੈਂਦੇ ਹਨ। ਇਸ ਲੜਾਈ ਤੋਂ ਪਹਿਲਾਂ ਵੀ ਇਹ ਦੋਨੋ ਗੁੱਟ ਇੱਕ ਨਗਰ ਕੀਰਤਨ ਵਿੱਚ ਫਸ ਚੁੱਕੇ ਹਨ। ਪਰ ਅਫ਼ਸੋਸ ਇਹ ਲੜਾਈ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਹੋਈ, ਜਿਸ ਨਾਲ ਗੁਰ ਮਰਿਆਦਾ ਇਨ੍ਹਾੰ ਨੇ ਭੰਗ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਘਟਨਾ ਦਾ ਬੇਹੱਦ ਦੁੱਖ ਹੈ ਤੇ ਸੰਗਤ ਵਿੱਚ ਵੀ ਇਸ ਲੜਾਈ ਕਾਰਨ ਕਾਫ਼ੀ ਨਿਰਾਸ਼ਾ ਤੇ ਰੋਸ ਪਾਇਆ ਜਾ ਰਿਹਾ ਹੈ। ਅਜਿਹਾ ਦੁਬਾਰਾ ਨਾ ਹੋਵੇ ਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਨਵੇਂ ਸੇਵਾਦਾਰ ਚੁਣਨ ਲਈ ਸਥਾਨਕ ਸੰਗਤ ਦੀ ਵਿਸ਼ੇਸ਼ ਮੀਟਿੰਗ 17 ਨਵੰਬਰ ਦਿਨ ਐਤਵਾਰ ਦੁਪਿਹਰ ਤੋਂ ਬਆਦ ਬੁਲਾਈ ਗਈ ਹੈ ਜਿਸ ਵਿੱਚ ਸਿਰਫ਼ ਸਥਾਨਕ ਸੰਗਤ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।