ਮੈਕਸੀਕੋ ’ਚ ਵਾਪਰੀ ਮੁੜ ਵੱਡੀ ਘਟਨਾ, ਇਕੱਠੀਆਂ 14 ਲਾਸ਼ਾਂ ਮਿਲਣ ਨਾਲ ਫ਼ੈਲੀ ਸਨਸਨੀ

Thursday, Nov 25, 2021 - 04:07 PM (IST)

ਮੈਕਸੀਕੋ ’ਚ ਵਾਪਰੀ ਮੁੜ ਵੱਡੀ ਘਟਨਾ, ਇਕੱਠੀਆਂ 14 ਲਾਸ਼ਾਂ ਮਿਲਣ ਨਾਲ ਫ਼ੈਲੀ ਸਨਸਨੀ

ਮੈਕਸੀਕੋ ਸਿਟੀ (ਏ. ਪੀ.)-ਮੈਕਸੀਕੋ ਦੇ ਉੱਤਰੀ ਸਰਹੱਦੀ ਸੂਬੇ ਸੋਨੋਰਾ ’ਚ ਗੁਪਤ ਰੂਪ ’ਚ ਦੱਬੀਆਂ 14 ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਸਰਕਾਰੀ ਵਕੀਲਾਂ ਨੇ ਕਿਹਾ ਕਿ ਕਬਰ ਦੇ ਅੰਦਰ ਹੱਡੀਆਂ, ਸੜੀਆਂ ਅਤੇ ਵਿਗਾੜੀਆਂ ਲਾਸ਼ਾਂ ਮਿਲੀਆਂ ਹਨ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਲਾਸ਼ਾਂ ਦੀ ਗਿਣਤੀ ਅਜੇ ਉਹ ਨਿਰਧਾਰਤ ਨਹੀਂ ਕਰ ਸਕੇ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਲਾਸ਼ਾਂ ਨੂੰ ਕਿਸੇ ਡਰੱਗ ਗਿਰੋਹ ਨੇ ਦਫ਼ਨਾ ਦਿੱਤਾ ਹੋਵੇਗਾ। ਅਧਿਕਾਰੀਆਂ ਮੁਤਾਬਕ ਘੱਟੋ-ਘੱਟ 14 ਲਾਸ਼ਾਂ ਹੋ ਸਕਦੀਆਂ ਹਨ। ਲਾਪਤਾ ਲੋਕਾਂ ਦੇ ਰਿਸ਼ਤੇਦਾਰਾਂ ਦੀ ਸਵੈਮੇਸਵੀ ਖੋਜੀ ਟੀਮ ਵੱਲੋਂ ਇਸ ਸਥਾਨ ਦਾ ਪਤਾ ਲਗਾਇਆ ਗਿਆ। ਇਹ ਸਥਾਨ ਸੋਨੋਰਾ ਸੂਬੇ ਦੀ ਰਾਜਧਾਨੀ ਹਰਮੋਸਿਲੋ ਦੇ ਪੱਛਮ ’ਚ ਇਕ ਹਾਈਵੇਅ ਦੇ ਨੇੜੇ ਸਥਿਤ ਹੈ। ਸੋਨੋਰਾ ’ਚ ਨਸ਼ੇੜੀ ਗਿਰੋਹਾਂ ਦਰਮਿਆਨ ਅਕਸਰ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਸਿਨਾਲੋਆ ਗੈਂਗ, ਜਲਿਸਕੋ ਗੈਂਗ ਅਤੇ ਭਗੌੜੇ ਸਮੱਗਲਰ ਰਾਫੇਲ ਕੈਰੋ ਕੁਇੰਟੇਰੋ ਦੇ ਮੈਂਬਰਾਂ ਵਿਚਕਾਰ ਪਹਿਲਾਂ ਵੀ ਟਕਰਾਅ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

ਇਸ ਤੋਂ ਦਿਨ ਪਹਿਲਾਂ ਪੁਲਸ ਨੇ ਜ਼ਾਕਾਟੇਕਸ ਸੂਬੇ ’ਚ ਇਕ ਹਾਈਵੇਅ ਓਵਰਪਾਸ ਤੋਂ ਲਟਕਦੀਆਂ ਤਿੰਨ ਹੋਰ ਲਾਸ਼ਾਂ ਲੱਭੀਆਂ। ਪਿਛਲੇ ਹਫ਼ਤੇ ਵੀ ਉੱਥੇ 10 ਲਾਸ਼ਾਂ ਮਿਲੀਆਂ ਸਨ। ਜ਼ਾਕਾਟੇਕਸ ਸੂਬੇ ਦੀ ਜਨਤਕ ਸੁਰੱਖਿਆ ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਮੰਗਲਵਾਰ ਨੂੰ ਸਾਨ ਜੋਸ ਡੀ ਲੂਰਡੇਸ ਸ਼ਹਿਰ ’ਚ ਤਿੰਨ ਲਾਸ਼ਾਂ ਮਿਲੀਆਂ ਹਨ। ਨਸ਼ੀਲੇ ਪਦਾਰਥਾਂ ਦੇ ਤਸਕਰ ਜ਼ਾਕਾਟੇਕਸ ’ਚ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਮੈਕਸੀਕੋ ਦੀ ਫੌਜ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਜ਼ਾਕੇਟੇਕਸ ’ਚ ਪ੍ਰਸ਼ਾਸਨ ਦੀ ਮਦਦ ਲਈ ਲੱਗਭਗ 1750 ਸੈਨਿਕ ਅਤੇ ਅਰਧ-ਫੌਜੀ ਨੈਸ਼ਨਲ ਗਾਰਡ ਦੇ 1650 ਮੈਂਬਰ ਭੇਜੇਗੀ। ਇਸ ਤੋਂ ਪਹਿਲਾਂ ਵੀ ਉੱਥੇ ਕਈ ਸੈਨਿਕ ਭੇਜੇ ਜਾ ਚੁੱਕੇ ਹਨ। ਸਿਨਾਲੋਆ ਅਤੇ ਜਲਿਸਕੋ ਨਿਊ ਜਨਰੇਸ਼ਨ ਗੈਂਗ ਸੋਨੋਰਾ ਸੂਬੇ ’ਚ ਨਸ਼ਿਆਂ ਦੇ ਕਾਰੋਬਾਰ ਨੂੰ ਕਾਬੂ ਕਰਨ ਲਈ ਲੜ ਰਹੇ ਹਨ। ਅਮਰੀਕਾ ਦੀ ਸਰਹੱਦ ਨੇੜੇ ਸਥਿਤ ਇਸ ਸੂਬੇ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਹੋਰ ਥਾਵਾਂ ’ਤੇ ਭੇਜੀ ਜਾਂਦੀ ਹੈ।


author

Manoj

Content Editor

Related News