ਮਰੀਅਮ ਨਵਾਜ਼ ਨੇ ਪਹਿਲਾ ਘੱਟ ਗਿਣਤੀ ਕਾਰਡ ਸ਼ੁਰੂ ਕਰਨ ਦਾ ਕੀਤਾ ਐਲਾਨ
Thursday, Dec 26, 2024 - 05:09 AM (IST)
ਗੁਰਦਾਸਪੁਰ/ਲਾਹੌਰ (ਵਿਨੋਦ) - ਪਾਕਿਸਤਾਨੀ ਸੂਬੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਲਾਹੌਰ ’ਚ ਕਰਵਾਏ ਗਏ ਵਿਸ਼ਾਲ ਕ੍ਰਿਸਮਸ ਸਮਾਗਮ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦਾ ਪਹਿਲਾ ਘੱਟ ਗਿਣਤੀ ਕਾਰਡ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਨਾਲ ਘੱਟ ਗਿਣਤੀ ਭਾਈਚਾਰੇ ਦੇ ਕਮਜ਼ੋਰ ਵਰਗ ਨੂੰ ਆਰਥਿਕ ਲਾਭ ਮਿਲੇਗਾ ਅਤੇ ਹਰ ਤਿੰਨ ਮਹੀਨਿਆਂ ਬਾਅਦ ਵਿੱਤੀ ਸਹਾਇਤਾ ਮੁਹੱਈਆ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਯਕੀਨੀ ਬਣਾਉਣਗੇ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਲਾਹੌਰ ਦੇ ਸਭ ਤੋਂ ਵੱਡੇ ਚਰਚ, ਹਾਊਸ ਆਫ ਪ੍ਰਾਰਥਨਾ ਵਿਚ ਕ੍ਰਿਸਮਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਮਰੀਅਮ ਨਵਾਜ਼ ਨੇ ਕਿਹਾ ਕਿ ਘੱਟ ਗਿਣਤੀ ਕਾਰਡ 2025 ਦੇ ਸ਼ੁਰੂ ਵਿਚ ਲਾਂਚ ਕੀਤਾ ਜਾਵੇਗਾ। ਉਨ੍ਹਾਂ ਨੇ ਘੱਟ ਗਿਣਤੀ ਭਾਈਚਾਰੇ ਨੂੰ ਵੱਧ ਤੋਂ ਵੱਧ ਵਿੱਤੀ ਸਹਾਇਤਾ ਮੁਹੱਈਆ ਕਰਨ ਅਤੇ ਇਹ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਕਿ ਉਨ੍ਹਾਂ ਨੂੰ ਇਹ ਚਿੰਤਾ ਨਾ ਕਰਨੀ ਪਵੇ ਕਿ ਉਨ੍ਹਾਂ ਨੂੰ ਸਹਾਇਤਾ ਲਈ ਦੂਜਿਆਂ ’ਤੇ ਨਿਰਭਰ ਹੋਣਾ ਪਵੇ। ਮਰੀਅਮ ਨਵਾਜ਼ ਨੇ ਕਿਹਾ ਕਿ ਮੁਸਲਮਾਨ, ਈਸਾਈ, ਹਿੰਦੂ, ਸਿੱਖ ਅਤੇ ਹੋਰ ਸਾਰੇ ਧਰਮਾਂ ਦੇ ਲੋਕ ਮੇਰੇ ਜੀਵਨ ਦਾ ਮਾਣ ਹਨ।