ਸੋਸ਼ਲ ਮੀਡੀਆ ’ਤੇ ਸ਼ਹੀਦੇ-ਆਜ਼ਮ ਭਗਤ ਸਿੰਘ ਦੀਆਂ ਫੋਟੋਆਂ ਲਾ ਕੇ ਨਹੀਂ ਬਣ ਸਕਦੇ ਉਨ੍ਹਾਂ ਦੇ ਵਾਰਿਸ : ਰਾਜਬੀਰ ਗਿੱਲ

09/28/2021 5:47:59 PM

ਰੋਮ/ਇਟਲੀ (ਕੈਂਥ)-ਭਾਰਤ ਮਾਤਾ ਦੇ ਜਿਨ੍ਹਾਂ ਸੂਰਬੀਰ ਬਹਾਦਰ ਯੋਧਿਆਂ ਨੇ ਹੱਸਦਿਆਂ-ਹੱਸਦਿਆਂ ਸ਼ਹੀਦੀ ਜਾਮ ਪੀ ਕੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਇਆ, ਅੱਜ ਉਹ ਕੌਮ ਦੇ ਮਹਾਨ ਸ਼ਹੀਦ ਸ਼ਹੀਦ-ਏ-ਆਜ਼ਮ  ਭਗਤ ਸਿੰਘ ਵਰਗੇ ਯੋਧੇ ਬਸ ਫੁੱਲਾਂ ਦੇ ਹਾਰਾਂ ਜੋਗੇ ਹੀ ਰਹਿ ਗਏ ਹਨ । ਹਰ ਸਾਲ ਉਨ੍ਹਾਂ ਬੱਬਰ ਸ਼ੇਰਾਂ ਨੂੰ ਅਸੀਂ ਯਾਦ ਜ਼ਰੂਰ ਕਰਦੇ ਹਾਂ ਪਰ ਸਾਡਾ ਜੀਵਨ ਸ਼ਹੀਦਾਂ ਦੀ ਸੋਚ ਤੋਂ ਬਹੁਤ ਦੂਰ ਹੈ। ਇਸ ਗੱਲ ਦਾ ਪ੍ਰਗਟਾਵਾ ਇਟਲੀ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵਕ ਰਾਜਬੀਰ ਸਿੰਘ ਗਿੱਲ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ 114ਵੇਂ ਜਨਮ ਦਿਨ ਮੌਕੇ ‘ਜਗ ਬਾਣੀ’ ਨਾਲ ਕਰਦਿਆਂ ਕਿਹਾ ਕਿ ਵਿਦੇਸ਼ਾਂ ’ਚ ਵਸਦੇ ਭਾਰਤੀ ਬੇਸ਼ੱਕ ਕੌਮ ਦੇ ਮਹਾਨ ਸ਼ਹੀਦਾਂ ਦੇ ਨਾਂ ਉੱਪਰ ਅਨੇਕਾਂ ਸੰਸਥਾਵਾਂ ਨੂੰ ਚਲਾ ਰਹੇ ਹਨ ਪਰ ਇਸ ਦੇ ਬਾਵਜੂਦ ਵਿਦੇਸ਼ਾਂ ’ਚ ਜਨਮ ਲੈ ਰਹੀ ਭਾਰਤੀ ਪੀੜ੍ਹੀ ਨੂੰ ਭਾਰਤ ਮਾਤਾ ਦੇ ਮਹਾਨ ਸ਼ਹੀਦਾਂ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ, ਜੋ ਸਮੁੱਚੇ ਐੱਨ. ਆਰ. ਆਈ. ਭਾਰਤੀਆਂ ਲਈ ਸੋਚਣ ਦਾ ਵਿਸ਼ਾ ਹੀ ਨਹੀਂ ਸਗੋਂ ਬਹੁਤ ਹੀ ਸੰਜੀਦਾ ਢੰਗ ਨਾਲ ਵਿਚਾਰਨਯੋਗ ਗੱਲ ਵੀ ਹੈ।

ਗਿੱਲ ਨੇ ਕਿਹਾ ਕਿ ਅੱਜ ਅਸੀਂ ਬਹੁਤ ਹੀ ਫਖ਼ਰ ਨਾਲ ਕਹਿੰਦੇ ਨਹੀਂ ਥੱਕਦੇ ਕਿ ਅਸੀਂ ਸਭ ਪੰਜਾਬੀ ਸ਼ਹੀਦਾਂ ਦੇ ਵਾਰਿਸ ਪਰ ਕੀ ਕਦੀ ਅਸੀਂ ਇਸ ਗੱਲ ਦੇ ਅਰਥਾਂ ਨੂੰ ਡੂੰਘਾਈ ਨਾਲ ਸਮਝਿਆ ਹੈ ਕਿ ਕੌਮ ਦੇ ਸ਼ਹੀਦਾਂ ਦੇ ਵਾਰਿਸ ਬਣਨ ਦਾ ਅਸਲ ਮਤਲਬ ਕੀ ਹੈ। ਕੀ ਅਸੀਂ ਕਦੀ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਊਧਮ ਸਿੰਘ ਸੁਨਾਮ, ਸ਼ਹੀਦ ਕਰਤਾਰ ਸਿੰਘ ਸਰਾਭਾ ਜਾਂ ਕੌਮ ਦੇ ਹੋਰ ਸ਼ਹੀਦਾਂ ਦੀ ਸੋਚ ਦਾ ਦੀਵਾ ਆਪਣੇ ਵਿਕਾਰਾਂ ਨਾਲ ਭਰੇ ਮਨ ਦੇ ਹਨੇਰੇ ’ਚ ਬਾਲਣ ਦੀ ਕੋਸ਼ਿਸ਼ ਕੀਤੀ। ਕਦੀਂ ਅਸੀਂ ਵਿਦੇਸ਼ੀ ਧਰਤੀ ਉਪਰ ਵਿਚਰਦਿਆਂ ਖਾਸ ਕਰ ਇਟਲੀ ਦੇ ਭਾਰਤੀਆਂ ਨੇ ਆਪਣੇ ਬੱਚਿਆਂ ਨੂੰ ਗਦਰੀ ਬਾਬਿਆਂ ਦਾ ਇਤਿਹਾਸ ਸੁਣਾਇਆ । ਇਟਲੀ ’ਚ ਪੈਦਾ ਹੋਏ ਭਾਰਤੀ ਬੱਚਿਆਂ ’ਚੋਂ ਕੋਈ ਵਿਰਲਾ ਹੀ ਹੋਵੇਗਾ, ਜਿਸ ਨੂੰ ਜਲ੍ਹਿਆਂਵਾਲਾ ਬਾਗ ’ਚ ਵਾਪਰੇ ਗੋਲੀਕਾਂਡ ਦਾ ਪਤਾ ਹੋਵੇਗਾ। ਜੇਕਰ ਇਟਲੀ ਦੇ ਭਾਰਤੀ ਇੰਝ ਹੀ ਅਵੇਸਲੇ ਅਤੇ ਗ਼ੈਰ-ਜ਼ਿੰਮੇਵਾਰ ਹੋ ਤੁਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਇਟਲੀ ਦੇ ਭਾਰਤੀ ਬੱਚੇ ਭਾਰਤ ਦੇਸ਼ ਦੇ ਨਾਂ ਤੋਂ ਵੀ ਅਣਜਾਣ ਹੋ ਜਾਣਗੇ। ਗਿੱਲ ਨੇ ਕਿਹਾ ਕਿ ਉਹ ਇਟਲੀ ਦਾ ਭਾਰਤੀ ਨੌਜਵਾਨ ਕੌਮ ਦੇ ਮਹਾਨ ਸ਼ਹੀਦਾਂ ਦਾ ਇਤਿਹਾਸ ਜ਼ਰੂਰ ਪੜ੍ਹੇ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸ਼ਹਾਦਤ ਦੇਣ ਵਾਲੇ ਸੂਰਬੀਰ ਯੋਧਿਆਂ ਦੀ ਸੋਚ ਨੂੰ ਸਮਝ ਕੇ ਉਨ੍ਹਾਂ ਦੀ ਸੋਚ ਨੂੰ ਇਟਲੀ ਭਰ ’ਚ ਪਹੁੰਚਾਉਣ ਲਈ ਲਾਮਬੰਦ ਹੋਣਾ ਚਾਹੀਦਾ ਹੈ। ਇਹੀ ਕੌਮ ਦੇ ਮਹਾਨ ਯੋਧਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
 


Manoj

Content Editor

Related News