ਕੈਲੀਫੋਰਨੀਆ ਦੀ ਸਭ ਤੋਂ ਵੱਡੀ ਜੰਗਲਾਂ ਦੀ ਅੱਗ ’ਚ ਕਈ ਘਰ ਸੁਆਹ
Sunday, Jul 25, 2021 - 10:08 PM (IST)

ਬਲਾਏ (ਅਮਰੀਕਾ) - ਉੱਤਰੀ ਕੈਲੀਫੋਰਨੀਆ ’ਚ ਬੀਹੜ ਇਲਾਕਿਆਂ ਵਿਚੋਂ ਲੰਘਦੀਆਂ ਅੱਗ ਦੀਆਂ ਲਪਟਾਂ ਨੇ ਸ਼ਨੀਵਾਰ ਕਈ ਘਰਾਂ ਨੂੰ ਤਬਾਹ ਕਰ ਦਿੱਤਾ। ਇੱਥੇ ਜੰਗਲਾਂ ਵਿਚ ਲੱਗੀ ਸੂਬੇ ਦੀ ਸਭ ਤੋਂ ਭਿਆਨਕ ਅੱਗ ਤੇਜ਼ ਹੋ ਗਈ ਹੈ ਤੇ ਅਮਰੀਕਾ ਦੇ ਪੱਛਮੀ ਹਿੱਸੇ ਨੂੰ ਸ਼ਿਕਾਰ ਬਣਾ ਰਹੀ ਹੈ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 14 ਜੁਲਾਈ ਤੋਂ ਸ਼ੁਰੂ ਹੋਈ ‘ਡਿਕਸੀ’ ਅੱਗ ਪਹਿਲਾਂ ਹੀ ਦਰਜਨਾਂ ਘਰਾਂ ਤੇ ਹੋਰ ਢਾਂਚਿਆਂ ਨੂੰ ਉਸ ਵੇਲੇ ਸਾੜ ਕੇ ਸੁਆਹ ਕਰ ਚੁੱਕੀ ਸੀ ਜਦੋਂ ਇਹ ਛੋਟੇ ਨਗਰ ‘ਇੰਡੀਅਨ ਫਾਲਸ’ ’ਚੋਂ ਹੋ ਕੇ ਲੰਘੀ ਸੀ। ਇਹ ਅੱਗ ਅਜਿਹੇ ਦੂਰ-ਦੁਰਾਡੇ ਦੇ ਇਲਾਕੇ ਵਿਚ ਭੜਕ ਰਹੀ ਸੀ ਜਿੱਥੇ ਪਹੁੰਚਣਾ ਬਹੁਤ ਔਖਾ ਸੀ। ਇਸ ਦੇ ਪੂਰਬ ਵੱਲ ਵਧਣ ਦੇ ਨਾਲ ਹੀ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਉੱਥੇ ਪਹੁੰਚਣ ਦੀ ਕੋਸ਼ਿਸ਼ ਵਿਚ ਰੁਕਾਵਟ ਆਉਣ ਲੱਗੀ। ਇਸ ਅੱਗ ’ਚ ਪਲਮਾਸ ਤੇ ਬਿਊਟ ਕਾਊਂਟੀ ਵਿਚ 1 ਲੱਖ 81 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਸੜ ਚੁੱਕੀ ਹੈ ਅਤੇ ਲੇਕ ਅਲਮਾਨੋ ਦੇ ਪੱਛਮੀ ਕੰਢੇ ’ਤੇ ਸਥਿਤ ਕਈ ਹੋਰ ਛੋਟੇ ਕਸਬਿਆਂ ਨੂੰ ਖਾਲੀ ਕਰਵਾਉਣ ਦੇ ਹੁਕਮ ਦੇਣੇ ਪਏ ਹਨ। ਸ਼ਨੀਵਾਰ ਰਾਤ ਤਕ ਅੱਗ ’ਤੇ 20 ਫੀਸਦੀ ਤਕ ਕਾਬੂ ਪਾ ਲਿਆ ਗਿਆ ਸੀ।
ਇਹ ਖ਼ਬਰ ਪੜ੍ਹੋ- ਭਾਰਤ ’ਚ ਇਲੈਕਟ੍ਰਿਕ ਵਾਹਨ ਖਰੀਦਣ ਲਈ ਵੱਧ ਖਰਚ ਕਰਨ ਲਈ ਤਿਆਰ ਹਨ 90 ਫੀਸਦੀ ਖਪਤਕਾਰ
ਭਿਆਨਕ ਅੱਗ ਦਾ ਫੈਲਣਾ ਥੋੜ੍ਹਾ ਜਿਹਾ ਘੱਟ ਹੋਇਆ ਹੈ ਪਰ ਇਸ ਨਾਲ ਪੂਰਬ ਵਾਲੇ ਪਾਸੇ ਘਿਰੇ ਹਜ਼ਾਰਾਂ ਮਕਾਨਾਂ ’ਤੇ ਖਤਰਾ ਅਜੇ ਵੀ ਮੰਡਰਾ ਰਿਹਾ ਹੈ। ਕੈਲੀਫੋਰਨੀਆ ’ਚ ਗਵਰਨਰ ਗੇਵਿਨ ਨਿਊਸਮ ਨੇ ਜੰਗਲਾਂ ਦੀ ਅੱਗ ਕਾਰਨ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਦੱਖਣੀ-ਪੱਛਮੀ ਮੋਂਟਾਨਾ ’ਚ ਅਲਡਰ ਕ੍ਰੀਕ ਅੱਗ ਨੇ ਲਗਭਗ 6800 ਏਕੜ ਇਲਾਕੇ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ। ਇਹ ਅੱਗ ਲਗਭਗ 240 ਘਰਾਂ ਲਈ ਖਤਰਾ ਬਣੀ ਹੋਈ ਹੈ।ਇਸ ਤੋਂ ਇਲਾਵਾ ਲੇਕ ਤਾਹੋਏ ਦੇ ਦੱਖਣ ’ਚ ‘ਟੈਮਰੇਕ’ ਅੱਗ ਵੀ ਬੁਝੀ ਨਹੀਂ ਅਤੇ ਕੈਲੀਫੋਨੀਆ-ਨੇਵਾਦਾ ਸਰਹੱਦ ਦੇ ਦੋਵਾਂ ਪਾਸਿਆਂ ਦੇ ਇਲਾਕਿਆਂ ’ਤੇ ਇਸ ਦੀ ਪਕੜ ’ਚ ਆਉਣ ਦਾ ਖਤਰਾ ਮੰਡਰਾ ਰਿਹਾ ਹੈ। ਦੇਸ਼ ਭਰ ’ਚ 85 ਤੋਂ ਵੱਧ ਜੰਗਲਾਂ ਦੀ ਅੱਗ ਭੜਕ ਰਹੀ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੱਛਮੀ ਸੂਬਿਆਂ ਵਿਚ ਹਨ। ਇਹ ਅੱਗ ਹੁਣ ਤਕ 14 ਲੱਖ ਏਕੜ ਇਲਾਕੇ ਨੂੰ ਸੁਆਹ ਕਰ ਚੁੱਕੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।