ਵਿਰੋਧ ਕਾਰਨ ਫਰਿਜ਼ਨੋ ਦੇ ਗੁਰਦੁਆਰਾ ਸਾਹਿਬ ਵਿਖੇ ਨਹੀਂ ਪੁੱਜੇ ਮਨਜੀਤ ਜੀ. ਕੇ.
Tuesday, Aug 28, 2018 - 09:32 AM (IST)

ਫਰਿਜ਼ਨੋ (ਨੀਟਾ ਮਾਛੀਕੇ/ਰਾਜ ਗੋਗਨਾ)— ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਮਰੀਕਾ ਦੀ ਫੇਰੀ 'ਤੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਮੰਨੇ ਜਾਂਦੇ ਬਾਦਲਾਂ ਦੇ ਸਮਰਥਕ ਹੋਣ ਕਰਕੇ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਕਾਰਨ ਉਹ ਫਰਿਜ਼ਨੋ ਦੇ ਗੁਰਦੁਆਰਾ ਸਾਹਿਬ ਵੀ ਨਾ ਪੁੱਜ ਸਕੇ। ਉਨ੍ਹਾਂ ਦਾ ਅਪਮਾਨ ਕਰਨ ਦੇ ਨਾਲ-ਨਾਲ ਉਨ੍ਹਾਂ 'ਤੇ ਹਮਲੇ ਵੀ ਕੀਤੇ ਜਾ ਰਹੇ ਹਨ। ਇਸੇ ਦੌਰਾਨ ਪੰਜਾਬੀਅਤ ਦੇ ਗੜ੍ਹ ਯੂਬਾ ਸਿਟੀ ਸ਼ਹਿਰ ਵਿਖੇ ਪਹੁੰਚਣ 'ਤੇ ਵਿਰੋਧੀਆਂ ਵਲੋਂ ਨਾਅਰੇਬਾਜ਼ੀ ਅਤੇ ਹਮਲਾ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਪੁਲਸ ਵੱਲੋਂ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸੇ ਕੜੀ ਤਹਿਤ ਸੈਨਹੋਜੇ ਦੇ ਗੁਰੂ ਘਰ 'ਚ ਵੀ ਉਨ੍ਹਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ। ਇਸ ਉਪਰੰਤ ਉਨ੍ਹਾਂ ਫਰਿਜ਼ਨੋ ਦੇ ਗੁਰਦੁਆਰਾ ਸਾਹਿਬ ਸ੍ਰੀ ਨਾਨਕ ਪ੍ਰਕਾਸ਼ ਵਿਖੇ ਨਤਮਸਤਕ ਹੋਣ ਲਈ ਆਉਣਾ ਸੀ ਪਰ ਇੱਥੇ ਵੀ ਗਰਮ ਖ਼ਿਆਲੀਆਂ ਵਲੋਂ ਪ੍ਰਦਰਸ਼ਨ ਕਰਕੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਨਿੱਜੀ ਵੈਰ-ਵਿਰੋਧ ਨਹੀਂ ਹੈ ਪਰ ਜਿਹੜਾ ਵੀ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਧਿਰ ਦਾ ਨੁਮਾਇੰਦਾ ਬਣ ਕੇ ਆਵੇਗਾ ਉਸ ਦਾ ਵਿਰੋਧ ਜਾਰੀ ਰਹੇਗਾ। ਇਸ ਤੋਂ ਬਾਅਦ ਕਮੇਟੀ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਜੀ. ਕੇ. ਗੁਰੂ-ਘਰ ਵਿਖੇ ਨਹੀਂ ਜਾਣਗੇ। ਇਸ ਉਪਰੰਤ ਪ੍ਰਦਰਸ਼ਨਕਾਰੀ ਉੱਥੋਂ ਵਾਪਸ ਆਪੋ-ਆਪਣੇ ਟਿਕਾਣਿਆਂ ਨੂੰ ਮੁੜ ਗਏ।