ਯੂਰਪ ਵੱਸਦੇ ਨੌਜਵਾਨਾਂ ਨੂੰ ਦਸਤਾਰ ਸਜਾਉਣ ਲਈ ਉਤਸ਼ਾਹਤ ਕਰ ਰਿਹੈ ਮਨਦੀਪ ਸੈਣੀ
Sunday, Jul 12, 2020 - 01:10 PM (IST)

ਰੋਮ, (ਕੈਂਥ)- ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਪੰਜਾਬੀ ਨੌਜਵਾਨ ਮਨਦੀਪ ਸੈਣੀ ਯੂਰਪ ਭਰ ਵਿਚ ਦਸਤਾਰ ਸਿਖਲਾਈ ਕੈਂਪ ਲਗਾ ਕੇ ਹਰ ਵਰਗ ਦੇ ਨੌਜਵਾਨਾਂ ਨੂੰ ਸਿਖਲਾਈ ਦੇ ਰਿਹਾ ਹੈ ਅਤੇ ਉਸ ਵਲੋਂ ਹਜ਼ਾਰਾਂ ਹੀ ਨੌਜਵਾਨਾ ਨੂੰ ਦਸਤਾਰ ਸਜਾਉਣ ਲਈ ਮੁਫਤ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਨਾ ਕੈਂਪਾਂ ਦਾ ਅਯੋਜਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਕਲੱਬਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਅਤੇ ਸੈਂਕੜੇ ਦਸਤਾਰ ਸਿਖਲਾਈ ਕੈਂਪ ਯੂਰਪ ਭਰ ਵਿਚ ਲਗਾ ਚੁੱਕਾ ਹੈ ਅਤੇ ਨੌਜਵਾਨਾਂ ਨੂੰ ਮੁਫਤ ਦਸਤਾਰਾਂ ਵੀ ਵੰਡਦਾ ਹੈ।
ਇਕ ਮੁਲਾਕਾਤ ਦੌਰਾਨ ਦਸਤਾਰ ਕੋਚ ਮਨਦੀਪ ਸੈਣੀ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਵੱਸਦੀ ਪੰਜਾਬੀ ਨੌਜਵਾਨ ਪੀੜ੍ਹੀ ਦੇ ਨਾਲ-ਨਾਲ ਵਿਦੇਸ਼ੀ ਲੋਕਾਂ ਅੰਦਰ ਵੀ ਦਸਤਾਰ ਸਜਾਉਣ ਦਾ ਰੁਝਾਨ ਵਧਿਆ ਹੈ ਜੋ ਪੰਜਾਬੀਆ ਲਈ ਬਹੁਤ ਮਾਣ ਵਾਲੀ ਗੱਲ ਹੈ।
ਮਨਦੀਪ ਸੈਣੀ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਿਤ ਹੈ ਅਤੇ ਹੁਣ ਤਕ ਦਿਲ ਆਪਣਾ ਪੰਜਾਬੀ ,ਮੰਨਤ, ਹਸ਼ਰ ਪੰਜਾਬੀ ਫਿਲਮਾਂ ਵਿਚ ਕੰਮ ਕਰਨ ਤੋਂ ਇਲਾਵਾ ਅਨੇਕਾਂ ਹੀ ਪੰਜਾਬੀ ਗਾਇਕਾਂ ਦੇ ਗਾਣਿਆਂ ਵਿਚ ਆਪਣੀ ਕਲਾਕਾਰੀ ਦੇ ਜੌਹਰ ਦਿਖਾ ਚੁੱਕਾ ਹੈ।