ਅਰਜਨਟੀਨਾ ਦੀ ਉਪ ਰਾਸ਼ਟਰਪਤੀ ਦੇ ਕਤਲ ਦੀ ਕੋਸ਼ਿਸ਼, ਆਖ਼ਰੀ ਸਮੇਂ 'ਤੇ ਫਸਿਆ ਪਿਸਤੌਲ ਦਾ ਟ੍ਰਿਗਰ (ਵੀਡੀਓ)

09/02/2022 11:29:26 AM

ਬਿਊਨਸ ਆਇਰਸ (ਏਜੰਸੀ) : ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡੀਜ਼ ਨੇ ਦੱਸਿਆ ਹੈ ਕਿ ਦੇਸ਼ ਦੀ ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੀਜ਼ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਵਿਅਕਤੀ ਨੇ ਉਨ੍ਹਾਂ 'ਤੇ ਪਿਸਤੌਲ ਤਾਣ ਦਿੱਤੀ ਸੀ। ਰਾਸ਼ਟਰਪਤੀ ਨੇ ਇੱਕ ਰਾਸ਼ਟਰੀ ਪ੍ਰਸਾਰਕ ਨੂੰ ਦੱਸਿਆ, 'ਇੱਕ ਵਿਅਕਤੀ ਨੇ (ਵੀਰਵਾਰ ਰਾਤ) ਉਨ੍ਹਾਂ ਦੇ ਸਿਰ 'ਤੇ ਪਿਸਤੌਲ ਤਾਣ ਦਿੱਤੀ ਅਤੇ ਟ੍ਰਿਗਰ ਵੀ ਦਬਾ ਦਿੱਤਾ। ਖੁਸ਼ਕਿਸਮਤੀ ਨਾਲ ਕ੍ਰਿਸਟੀਨਾ ਬਚ ਗਈ, ਕਿਉਂਕਿ ਕਿਸੇ ਕਾਰਨ ਕਰਕੇ ਬੰਦੂਕ ਨਹੀਂ ਚੱਲੀ।" ਸਥਾਨਕ ਟੈਲੀਵਿਜ਼ਨ ਚੈਨਲ 'ਤੇ ਪ੍ਰਸਾਰਿਤ ਕੀਤੀ ਗਈ ਘਟਨਾ ਸਥਾਨ ਦੀ ਵੀਡੀਓ ਵਿੱਚ ਫਰਨਾਂਡੀਜ਼ ਨੂੰ ਆਪਣੇ ਘਰ ਦੇ ਬਾਹਰ ਸਮਰਥਕਾਂ ਨਾਲ ਘਿਰੇ ਹੋਏ ਆਪਣੇ ਵਾਹਨ ਤੋਂ ਬਾਹਰ ਨਿਕਲਦੇ ਹੋਏ ਦੇਖਿਆ ਜਾ ਸਕਦਾ ਹੈ, ਇਸ ਦੌਰਾਨ ਇੱਕ ਵਿਅਕਤੀ ਫਰਨਾਂਡੀਜ਼ 'ਤੇ "ਪਿਸਤੌਲ" ਤਾਣ ਦਿੰਦਾ ਹੈ। ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਪਰ ਘਟਨਾ ਤੋਂ ਤੁਰੰਤ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਵੀਡੀਓ 'ਚ ਮੌਕੇ 'ਤੇ ਮੌਜੂਦ ਉਪ ਰਾਸ਼ਟਰਪਤੀ ਦੇ ਸਮਰਥਕ ਵੀ ਹੈਰਾਨ ਹੁੰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਵਿਆਹ ਮਗਰੋਂ ਹਰ ਰਾਤ ਹੁੰਦੈ ਮੇਰਾ ਬਲਾਤਕਾਰ, ਤਾਲਿਬਾਨ ਦੇ ਸਾਬਕਾ ਬੁਲਾਰੇ ਦੀ ਪਤਨੀ ਦੀ ਵੀਡੀਓ ਵਾਇਰਲ

 

ਸੁਰੱਖਿਆ ਮੰਤਰੀ ਅਨੀਬਲ ਫਰਨਾਂਡੀਜ਼ ਨੇ ਦੱਸਿਆ, 'ਜਿਸ ਵਿਅਕਤੀ ਕੋਲ ਹਥਿਆਰ ਸੀ, ਉਸ ਨੂੰ (ਉਪ ਰਾਸ਼ਟਰਪਤੀ ਦੇ) ਸੁਰੱਖਿਆ ਕਰਮਚਾਰੀਆਂ ਨੇ ਹਿਰਾਸਤ 'ਚ ਲੈ ਲਿਆ ਹੈ।' ਮੰਤਰੀ ਨੇ ਕਿਹਾ ਕਿ ਉਹ ਅਜੇ ਇਸ ਸਬੰਧ ਵਿਚ ਹੋਰ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ, ਕਿਉਂਕਿ ਜਾਂਚ ਜਾਰੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿੱਚ, ਹਥਿਆਰ ਲਗਭਗ ਫਰਨਾਂਡੀਜ਼ ਦੇ ਚਿਹਰੇ ਨੂੰ ਛੂਹਦਾ ਦਿਖਾਈ ਦੇ ਰਿਹਾ ਹੈ। ਸਰਕਾਰੀ ਅਧਿਕਾਰੀਆਂ ਨੇ ਇਸ ਘਟਨਾ ਨੂੰ ਕਤਲ ਦੀ ਕੋਸ਼ਿਸ਼ ਦੱਸਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇੱਕ ਸਰਕਾਰੀ ਵਕੀਲ ਵੱਲੋਂ ਜਨਤਕ ਕੰਮਾਂ ਵਿੱਚ ਕਥਿਤ ਭ੍ਰਿਸ਼ਟਾਚਾਰ ਨਾਲ ਸਬੰਧਤ ਇੱਕ ਕੇਸ ਵਿੱਚ ਫਰਨਾਂਡੀਜ਼ ਲਈ 12 ਸਾਲ ਦੀ ਸਜ਼ਾ ਦੀ ਮੰਗ ਕੀਤੇ ਜਾਣ ਤੋਂ ਬਾਅਦ, ਉਪ ਰਾਸ਼ਟਰਪਤੀ ਦੇ ਸਮਰਥਕ ਉਨ੍ਹਾਂ ਨਾਲ ਇੱਕਜੁੱਟਤਾ ਦਿਖਾਉਣ ਲਈ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਸੜਕਾਂ 'ਤੇ ਜਮ੍ਹਾਂ ਹੁੰਦੇ ਰਹੇ ਹਨ। ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੀਜ਼ 2007 ਤੋਂ 2015 ਤੱਕ ਦੇਸ਼ ਦੀ ਰਾਸ਼ਟਰਪਤੀ ਵੀ ਰਹਿ ਚੁੱਕੀ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਇਕ ਹੋਰ ਪੰਜਾਬੀ ਦਾ ਲੱਗਾ ਜੈਕਪਾਟ, ਜਿੱਤੀ 2 ਮਿਲੀਅਨ ਡਾਲਰ ਦੀ ਲਾਟਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News