ਪਾਕਿ ਵਟਸਐਪ ਗਰੁੱਪ ’ਤੇ ਫੌਜੀ ਇਲਾਕਿਆਂ ਦੀਆਂ ਤਸਵੀਰਾਂ ਲੀਕ ਕਰਨ ਵਾਲਾ ਵਿਅਕਤੀ ਗਿ੍ਰਫਤਾਰ
Sunday, Oct 04, 2020 - 08:22 PM (IST)

ਇਸਲਾਮਾਬਾਦ-ਨਾਸਿਕ ਦੇ ਦੇਵਲਾਲੀ ਸਥਿਤ ਫੌਜੀ ਇਲਾਕਿਆਂ ਦੀਆਂ ਤਸਵੀਰਾਂ ਲੈਣ ਅਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਵਟਸਐਪ ਗਰੁੱਪ ’ਤੇ ਭੇਜਣ ਦੇ ਦੋਸ਼ ’ਚ 21 ਸਾਲਾ ਨੌਜਵਾਨ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਨਾਸਿਕ ਜ਼ਿਲੇ ਦੇ ਦੇਵਲਾਲੀ ’ਚ ਸਕੂਲ ਆਫ ਆਰਟੀਲਰੀ, ਤੋਪਖਾਨਾ ਕੇਂਦਰ ਅਤੇ ਕਾਮਬੈਟ ਆਰਮੀ ਏਵੀਏਸ਼ਨ ਟ੍ਰੇਨਿੰਗ ਸਕੂਲ ਵਰਗੇ ਰੱਖਿਆ ਅਦਾਰੇ ਹਨ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਸੰਜੀਵ ਕੁਮਾਰ ਨੂੰ ਸ਼ੁੱਕਰਵਾਰ ਨੂੰ ਕੁਝ ਫੌਜੀਆਂ ਨੇ ਉਸ ਵੇਲੇ ਫੜ੍ਹ ਲਿਆ ਸੀ ਜਦ ਉਹ ਦੇਵਲਾਲੀ ਕੈਂਪ ’ਚ ਫੌਜੀ ਹਸਪਤਾਲ ਇਲਾਕੇ ਦੀਆਂ ਤਸਵੀਰਾਂ ਆਪਣੇ ਮੋਬਾਇਲ ਫੋਨ ’ਤੇ ਲੈ ਰਿਹਾ ਸੀ। ਇਸ ਇਲਾਕੇ ’ਚ ਤਸਵੀਰਾਂ ਲੈਣ ਜਾਂ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਫੌਜੀਆਂ ਨੇ ਉਸ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ ਅਤੇ ਉਨ੍ਹਾਂ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਉਸ ਵਿਅਕਤੀ ਨੇ ਤਸਵੀਰਾਂ ਕਥਿਤ ਤੌਰ ’ਤੇ ਪਾਕਿਸਤਾਨ ਦੇ ਇਕ ਵਟਸਐਪ ਗਰੁੱਪ ’ਤੇ ਭੇਜੀ ਹੈ। ਸ਼ਨੀਵਾਰ ਸ਼ਾਮ ਉਸ ਨੂੰ ਦੇਵਲਾਲੀ ਕੈਂਪ ਪੁਲਸ ਨੂੰ ਸੌਂਪ ਦਿੱਤਾ ਗਿਆ।
ਫੌਜੀ ਇਲਾਕੇ ’ਚ ਕਰਕਦਾ ਹੈ ਮਜ਼ਦੂਰੀ
ਪੁਲਸ ਨੇ ਦੱਸਿਆ ਕਿ ਫੌਜ ਦੇ ਇਕ ਅਧਿਕਾਰੀ ਵੱਲੋਂ ਪੁਲਸ ’ਚ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਉਸ ਵਿਅਕਤੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਅਤੇ ਸਰਕਾਰੀ ਗੁਪਤ ਕਾਨੂੰਨ ਦੇ ਪ੍ਰਬੰਧਾਂ ਤਹਿਤ ਉਸ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਬਿਹਾਰ ਦੇ ਗੋਪਾਲਗੰਜ ਜ਼ਿਲੇ ਦਾ ਰਹਿਣ ਵਾਲਾ ਹੈ ਅਤੇ ਇਥੇ ਦੇਵਲਾਲੀ ਕੈਂਪ ਰੇਲਵੇ ਸਟੇਸ਼ਨ ਨੇੜੇ ਝੁੱਗੀ ਬਸਤੀ ’ਚ ਰਹਿੰਦਾ ਹੈ। ਉਹ ਫੌਜ ਦੇ ਇਲਾਕੇ ’ਚ ਇਕ ਨਿਰਮਾਣ ਸਥਲ ’ਤੇ ਮਜ਼ਦੂਰੀ ਕਰਦਾ ਹੈ।