ਮਾਲੀ ਅਤੇ ਬੁਰਕੀਨਾ ਫਾਸੋ ਨੇ ਅਮਰੀਕੀ ਨਾਗਰਿਕਾਂ ’ਤੇ ਲਾਈਆਂ ‘ਜਵਾਬੀ ਯਾਤਰਾ ਪਾਬੰਦੀਆਂ’
Thursday, Jan 01, 2026 - 02:44 PM (IST)
ਬਮਾਕੋ (ਭਾਸ਼ਾ)- ਅਫਰੀਕੀ ਦੇਸ਼ਾਂ ਮਾਲੀ ਅਤੇ ਬੁਰਕੀਨਾ ਫਾਸੋ ਨੇ ਆਪਣੇ ਦੇਸ਼ਾਂ ’ਚ ਅਮਰੀਕੀ ਨਾਗਰਿਕਾਂ ਦੇ ਦਾਖਲੇ ’ਤੇ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਇਹ ਕਦਮ ਅਮਰੀਕਾ ਵੱਲੋਂ ਮਾਲੀ, ਬੁਰਕੀਨਾ ਫਾਸੋ ਅਤੇ ਨਾਈਜਰ ਸਮੇਤ 20 ਦੇਸ਼ਾਂ ’ਤੇ ਯਾਤਰਾ ਪਾਬੰਦੀਆਂ ਲਾਉਣ ਦੇ ਜਵਾਬ ’ਚ ਉਠਾਇਆ ਗਿਆ ਹੈ। ਮਾਲੀ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਅਮਰੀਕੀ ਨਾਗਰਿਕਾਂ ’ਤੇ ਉਹੀ ਸ਼ਰਤਾਂ ਲਾਗੂ ਕੀਤੀਆਂ ਜਾਣਗੀਆਂ, ਜੋ ਮਾਲੀ ਦੇ ਨਾਗਰਿਕਾਂ ਲਈ ਅਮਰੀਕਾ ’ਚ ਲਾਗੂ ਹਨ।
ਬੁਰਕੀਨਾ ਫਾਸੋ ਦੇ ਵਿਦੇਸ਼ ਮੰਤਰੀ ਕਰਾਮੋਕੋ ਜੀਨ-ਮੈਰੀ ਟ੍ਰਾਓਰੇ ਨੇ ਵੀ ਇਸੇ ਤਰ੍ਹਾਂ ਦਾ ਬਿਆਨ ਜਾਰੀ ਕੀਤਾ ਅਤੇ ਅਮਰੀਕੀ ਨਾਗਰਿਕਾਂ ਦੇ ਦਾਖਲੇ ’ਤੇ ਪਾਬੰਦੀਆਂ ਲਾਉਣ ਦਾ ਕਾਰਨ ਅਮਰੀਕੀ ਪਾਬੰਦੀਆਂ ਨਾਲ ਜੋੜਿਆ। ਅਮਰੀਕਾ ਨੇ 16 ਦਸੰਬਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਅਧੀਨ ਆਪਣੀਆਂ ਯਾਤਰਾ ਪਾਬੰਦੀਆਂ ਦਾ ਵਿਸਥਾਰ ਕਰਦਿਆਂ ਕਈ ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ’ਤੇ ਰੋਕ ਲਾ ਦਿੱਤੀ ਸੀ। ਇਸ ਜਵਾਬੀ ਕਾਰਵਾਈ ਨਾਲ ਮਾਲੀ ਅਤੇ ਬੁਰਕੀਨਾ ਫਾਸੋ ਦੀਆਂ ਫੌਜੀ ਸਰਕਾਰਾਂ ਅਤੇ ਅਮਰੀਕਾ ਵਿਚਾਲੇ ਤਣਾਅਪੂਰਨ ਸਬੰਧਾਂ ਦੇ ਸੰਕੇਤ ਸਾਹਮਣੇ ਆਏ ਹਨ।
