ਕੈਨੇਡਾ: ਡਾਊਨਸਵਿਊ ''ਚ ਵਾਪਰਿਆ ਸੜਕ ਹਾਦਸਾ, 2 ਜ਼ਖਮੀ
Saturday, Apr 14, 2018 - 03:28 AM (IST)

ਟੋਰਾਂਟੋ— ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਡਾਊਨਸਵਿਊ ਇਲਾਕੇ 'ਚ ਹੋਏ ਇਕ ਸੜਕ ਹਾਦਸੇ ਤੋਂ ਬਾਅਦ ਇਕ ਵਿਅਕਤੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਹਾਦਸਾ ਜੇਨ ਸਟ੍ਰੀਟ ਤੇ ਵਿਲਸਨ ਐਵੇਨਿਊ ਨੇੜੇ ਸ਼ੁੱਕਰਵਾਰ ਨੂੰ ਦੁਪਹਿਰੇ 3 ਵਜੇ ਦੇ ਕਰੀਬ ਵਾਪਰਿਆ।
ਪੁਲਸ ਅਧਿਕਾਰੀਆਂ ਨੇ ਆਪਣੇ ਇਕ ਟਵੀਟ 'ਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਹਾਸਦੇ 'ਚ ਦੋ ਵਾਹਨ ਸ਼ਾਮਲ ਸਨ, ਜਿਨ੍ਹਾਂ 'ਚੋਂ ਇਕ ਵਾਹਨ ਹਾਦਸੇ ਤੋਂ ਬਾਅਦ ਬੱਸ ਸ਼ੈਲਟਰ 'ਚ ਜਾ ਵੜਿਆ ਪਰ ਇਸ ਦੌਰਾਨ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਕਿਉਂਕਿ ਹਾਦਸੇ ਵੇਲੇ ਉਥੇ ਕੋਈ ਵੀ ਮੌਜੂਦ ਨਹੀਂ ਸੀ। ਟੋਰਾਂਟੋ ਦੇ ਪੈਰਾਮੈਡਿਕਸ ਸਰਵਿਸ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਾਦਸੇ ਤੋਂ ਬਾਅਦ ਇਕ ਵਿਅਕਤੀ ਨੂੰ ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਸੀ।
ਇਸ ਦੇ ਇਲਾਵਾ ਇਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਦੇ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹਾਦਸੇ ਤੋਂ ਬਾਅਦ ਰੋਡ ਨੂੰ ਬੰਦ ਕਰ ਦਿੱਤਾ ਗਿਆ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।