ਮਲੇਸ਼ੀਆ ਏਅਰਲਾਈਨ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਕਰੇਗੀ ਸ਼ੁਰੂ, ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ
Thursday, Aug 31, 2023 - 04:36 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸੈਣੀ, ਸੰਨੀ ਚਾਂਦਪੁਰੀ): ਆਸਟ੍ਰੇਲੀਆ, ਨਿਉਜ਼ੀਲੈਂਡ, ਥਾਈਲੈਂਡ, ਹਾਂਗਕਾਂਗ ਅਤੇ ਕਈ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਲਈ ਇੱਕ ਵੱਡੀ ਖੁਸ਼ਖਬਰੀ ਹੈ। ਮਲੇਸ਼ੀਆ ਦੀ ਸਭ ਤੋਂ ਵੱਡੀ ਮੰਨੀ ਜਾਣ ਵਾਲੀ ਮਲੇਸ਼ੀਆ ਏਅਰਲਾਈਨ ਆਉਣ ਵਾਲੇ ਸਰਦੀਆਂ ਦੇ ਮੌਸਮ ਵਿੱਚ 8 ਨਵੰਬਰ ਤੋਂ ਕੁਆਲਾਲੰਪੁਰ ਤੋਂ ਪੰਜਾਬ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।
ਮਲੇਸ਼ੀਆ ਦੀ ਤੀਜੀ ਏਅਰਲਾਈਨ
ਅੰਮ੍ਰਿਤਸਰ ਦੇ ਨਵੇਂ ਮਹੱਤਵਪੂਰਨ ਹਵਾਈ ਸੰਪਰਕ ਬਾਰੇ ਇੱਕ ਸਾਂਝੇ ਬਿਆਨ ਵਿੱਚ ਜਾਣਕਾਰੀ ਦਿੰਦੇ ਹੋਏ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਕਨਵਨੀਰ ਇੰਡੀਆ ਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਮਲੇਸ਼ੀਆ ਏਅਰਲਾਈਨ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਾਲੀ ਮਲੇਸ਼ੀਆ ਦੀ ਤੀਜੀ ਏਅਰਲਾਈਨ ਬਣਨ ਜਾ ਰਹੀ ਹੈ। ਵਰਤਮਾਨ ਵਿੱਚ ਬੈਟਿਕ ਏਅਰ ਹਫ਼ਤੇ ਵਿੱਚ ਤਿੰਨ ਦਿਨ, ਜਦੋਂ ਕਿ ਏਅਰ ਏਸ਼ੀਆ ਐਕਸ 3 ਸਤੰਬਰ ਤੋਂ ਇਸ ਰੂਟ 'ਤੇ ਹਫ਼ਤੇ ਵਿੱਚ ਚਾਰ ਦਿਨ ਇਹਨਾਂ ਉਡਾਣਾਂ ਦਾ ਸੰਚਾਲਨ ਕਰੇਗੀ।
ਉਡਾਣਾਂ ਦਾ ਸਮਾਂ
ਮਲੇਸ਼ੀਆ ਏਅਰਲਾਈਨ ਦੀ ਵੈੱਬਸਾਈਟ 'ਤੇ ਉਪਲੱਬਧ ਸਮਾਂ ਸੂਚੀ ਅਨੁਸਾਰ ਏਅਰਲਾਈਨ ਹਫ਼ਤੇ 'ਚ ਹਰ ਬੁੱਧਵਾਰ ਅਤੇ ਸ਼ਨੀਵਾਰ ਵਾਲੇ ਦਿਨ ਆਪਣੇ 160-ਸੀਟਾਂ (144 ਇਕਾਨਮੀ ਅਤੇ 16 ਬਿਜ਼ਨਸ ਕਲਾਸ) ਦੇ ਬੋਇੰਗ 737 ਜਹਾਜ਼ ਨਾਲ ਉਡਾਣਾਂ ਦਾ ਸੰਚਾਲਨ ਕਰੇਗੀ। ਕੁਆਲਾਲੰਪੁਰ ਤੋਂ ਸ਼ਾਮ 6:50 ਵਜੇ ਰਵਾਨਾ ਹੋ ਕੇ ਇਹ ਉਡਾਣ ਅੰਮ੍ਰਿਤਸਰ ਵਿਖੇ ਰਾਤ 10:10 ਵਜੇ ਪਹੁੰਚੇਗੀ। ਅੰਮ੍ਰਿਤਸਰ ਤੋਂ ਫਿਰ ਰਾਤ 11:25 ਵਜੇ ਰਵਾਨਾ ਹੋ ਕੇ ਮਲੇਸ਼ੀਆ ਦੀ ਅਗਲੀ ਸਵੇਰ ਨੂੰ 7:30 ਵਜੇ ਕੁਆਲਾਲੰਪੁਰ ਪਹੁੰਚੇਗੀ।
ਹੋਰ ਉਡਾਣਾਂ ਲਈ ਕੋਸ਼ਿਸ਼ਾਂ ਜਾਰੀ
ਇਸ ਨਵੀਂ ਉਡਾਣ ਦੇ ਐਲਾਨ 'ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਗੁਮਟਾਲਾ ਨੇ ਕਿਹਾ ਕਿ "ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਲਗਾਤਾਰ ਅੰਕੜਿਆਂ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਸਣੇ ਏਅਰਲਾਈਨਾਂ ਕੋਲ ਅੰਮ੍ਰਿਤਸਰ ਲਈ ਦੁਨੀਆ ਦੇ ਵੱਖ-ਵੱਖ ਮੁਲਕਾਂ, ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਵੱਸਦਾ ਹੈ ਨਾਲ ਹਵਾਈ ਸੰਪਰਕ ਲਈ ਅਣਥੱਕ ਮਿਹਨਤ ਨਾਲ ਵਕਾਲਤ ਕੀਤੀ ਜਾ ਰਹੀ ਹੈ। ਅਗਸਤ 2018 ਵਿੱਚ ਸ਼ੁਰੂ ਹੋਈ ਏਅਰ ਏਸੀਆ ਐਕਸ, ਲੰਡਨ ਆਦਿ ਕਈ ਉਡਾਣਾਂ ਇਸੇ ਮੁਹਿੰਮ ਦਾ ਨਤੀਜਾ ਹਨ।” ਕਾਮਰਾ ਨੇ ਅੱਗੇ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਕੁਆਲਾਲੰਪੁਰ ਰਾਹੀਂ ਸਿਰਫ ਦੋ ਤੋਂ ਤਿੰਨ ਘੰਟਿਆਂ ਵਿੱਚ ਯਾਤਰੀਆਂ ਨੂੰ ਮੈਲਬੌਰਨ, ਸਿਡਨੀ, ਪਰਥ, ਐਡੀਲੇਡ, ਆਕਲੈਂਡ, ਬੈਂਕਾਕ, ਫੂਕੇਟ, ਹਾਂਗਕਾਂਗ, ਮਨੀਲਾ ਅਤੇ ਕਈ ਹੋਰ ਸ਼ਹਿਰਾਂ ਨੂੰ ਜੋੜੇਗੀ। ਵਿਦੇਸ਼ ਵੱਸਦੇ ਪੰਜਾਬੀ ਭਾਈਚਾਰੇ ਕੋਲ ਹੁਣ ਦਿੱਲੀ ਰਾਹੀਂ ਖੱਜਲ-ਖੁਆਰ ਹੋਣ ਦੀ ਬਜਾਏ ਮਲੇਸ਼ੀਆਂ ਦੀਆਂ ਇਹਨਾਂ ਵੱਖ-ਵੱਖ ਏਅਰਲਾਈਨਾਂ ਅਤੇ ਸਕੂਟ-ਸਿੰਗਾਪੁਰ ਏਅਰਲਾਈਨ ‘ਤੇ ਸਿੱਧਾ ਅੰਮਿਤਸਰ ਪਹੁੰਚਣ ਦੇ ਕਈ ਵਿਕਲਪ ਉਪਲੱਬਧ ਹੋਣਗੇ, ਜਿਹਨਾਂ ਨਾਲ ਘੱਟ ਸਮਾਂ ਲੱਗੇਗਾ ਅਤੇ ਕਿਰਾਇਆ ਵੀ ਘੱਟ ਹੋਵੇਗਾ। ਇਸ ਨਾਲ ਖੇਤਰ ਵਿੱਚ ਸੈਰ-ਸਪਾਟੇ ਨੂੰ ਹੋਰ ਹੁਲਾਰਾ ਮਿਲਣ ਦੀ ਉਮੀਦ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮਹਾਰਾਣੀ ਕੈਮਿਲਾ ਨੇ ਭਾਰਤੀ ਮੂਲ ਦੀ ਬ੍ਰਿਟਿਸ਼ ਜਾਸੂਸ ਨੂਰ ਇਨਾਇਤ ਦਾ ਕੀਤਾ 'ਸਨਮਾਨ' (ਤਸਵੀਰਾਂ)
ਗੁਮਟਾਲਾ ਅਤੇ ਕਾਮਰਾ ਨੇ ਦੱਸਿਆ ਕਿ ਭਾਰਤ ਅਤੇ ਵਿਸ਼ਵ ਦੀਆਂ ਕਈ ਏਅਰਲਾਈਨਾਂ ਹੁਣ ਇੱਥੋਂ ਸਿੱਧੀਆਂ ਉਡਾਣਾਂ ਸ਼ੁਰੂ ਕਰ ਰਹੀਆਂ ਹਨ। ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ, ਇੰਡੀਗੋ, ਸਪਾਈਸਜੈੱਟ, ਕਤਰ ਏਅਰਵੇਜ਼, ਸਕੂਟ, ਬਾਟਿਕ ਏਅਰ, ਏਅਰ ਏਸ਼ੀਆ ਐਕਸ ਅਤੇ ਨਿਓਸ ਏਅਰਲਾਈਨ ਇੱਥੋਂ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ। ਹਫ਼ਤੇ ਵਿੱਚ ਅੰਮ੍ਰਿਤਸਰ ਤੋਂ 400 ਤੋਂ ਵੱਧ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।