ਭਾਰਤ 'ਚ ਵੀਜ਼ਾ ਇੰਟਰਵਿਊ ਦੀ ਉਡੀਕ ਕਰ ਰਹੇ ਲੋਕਾਂ ਨੂੰ ਅਮਰੀਕਾ ਨੇ ਦਿਵਾਇਆ ਇਹ ਭਰੋਸਾ
Wednesday, Jan 18, 2023 - 10:12 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀ ਵੀਜ਼ਾ ਸੇਵਾਵਾਂ ਲਈ ਉਪ ਸਹਾਇਕ ਸਕੱਤਰ ਜੂਲੀ ਸਟਫਟ ਨੇ ਕਿਹਾ ਕਿ ਭਾਰਤ ਵਿੱਚ ਵੀਜ਼ਾ ਇੰਟਰਵਿਊ ਲਈ ਸਮਾਂ ਤੈਅ ਕਰਨ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਣ ਲਈ ਅਮਰੀਕਾ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਸਟਫਟ ਨੇ ਪੀਟੀਆਈ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਨ੍ਹਾਂ ਯਤਨਾਂ ਵਿੱਚ ਭਾਰਤ ਵਿੱਚ ਕੌਂਸਲਰ ਅਫਸਰਾਂ ਨੂੰ ਭੇਜਣਾ ਅਤੇ ਭਾਰਤੀ ਵੀਜ਼ਾ ਬਿਨੈਕਾਰਾਂ ਲਈ ਜਰਮਨੀ ਅਤੇ ਥਾਈਲੈਂਡ ਵਿੱਚ ਆਪਣੇ ਹੋਰ ਵਿਦੇਸ਼ੀ ਦੂਤਘਰ ਖੋਲ੍ਹਣਾ ਸ਼ਾਮਲ ਹੈ। ਉਸ ਨੇ ਕਿਹਾ ਕਿ “ਅਸੀਂ ਵੀਜ਼ਾ ਇੰਟਰਵਿਊ ਨੂੰ ਨਿਰਧਾਰਤ ਕਰਨ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।”
ਸਟਫਟ ਨੇ ਕਿਹਾ ਕਿ ਫਿਲਹਾਲ ਸਾਡੀ ਤਰਜੀਹ ਵਿਸ਼ਵ ਭਰ ਵਿੱਚ ਵੀਜ਼ਾ ਪ੍ਰਕਿਰਿਆ ਨੂੰ ਆਮ ਬਣਾਉਣਾ ਹੈ। ਉਸ ਨੇ ਅੱਗੇ ਕਿਹਾ ਕਿ “ਅਸੀਂ ਭਾਰਤ ਵਿੱਚ ਸਾਡੇ ਦੂਤਘਰ ਅਤੇ ਵਣਜ ਦੂਤਘਰਾਂ ਵਿੱਚ ਆਪਣੇ ਸਟਾਫ ਦੀ ਸਹਾਇਤਾ ਲਈ ਕੌਂਸਲਰ ਅਫਸਰ ਭੇਜ ਰਹੇ ਹਾਂ। ਉਹ ਸ਼ਿਫਟਾਂ ਵਿੱਚ ਕੰਮ ਕਰ ਰਹੇ ਹਨ। ਉਹ ਵੀਕੈਂਡ 'ਤੇ ਕੰਮ ਕਰ ਰਹੇ ਹਨ ਅਤੇ ਇਸ ਵਿੱਚ ਵੀਜ਼ਾ ਇੰਟਰਵਿਊਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਵਿੱਚ ਫਿਲਹਾਲ ਨਿਸ਼ਚਤ ਤੌਰ 'ਤੇ ਕਾਫੀ ਸਮਾਂ ਲੱਗ ਰਿਹਾ ਹੈ।'' ਸਟਫਟ ਨੇ ਕਿਹਾ ਕਿ ''ਸਾਡੇ ਕੋਲ ਕਈ ਤਰ੍ਹਾਂ ਦੇ ਵੀਜ਼ੇ ਹਨ ਜਿਹਨਾਂ ਦੀਆਂ ਸੇਵਾਵਾਂ ਸਾਨੂੰ ਭਾਰਤ ਵਿੱਚ ਦੇਣ ਦੀ ਲੋੜ ਹੈ। ਇਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ ਵਿਦਿਆਰਥੀਆਂ, ਤਕਨੀਕੀ ਕਾਮਿਆਂ, ਅਮਰੀਕਾ ਵਿੱਚ ਪੱਕੇ ਤੌਰ 'ਤੇ ਸੈਟਲ ਹੋਣ ਵਾਲੇ ਪ੍ਰਵਾਸੀਆਂ ਅਤੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਲਈ ਵੀਜ਼ਾ ਹਨ। ਸਟਫਟ ਨੇ ਕਿਹਾ ਕਿ ਇਸ ਸਾਲ ਇਸ ਦਿਸ਼ਾ ਵਿਚ ਅਮਰੀਕਾ ਨੇ ਕਾਫੀ ਪ੍ਰਗਤੀ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਇਹਨਾਂ ਨਿਯਮਾਂ 'ਚ ਕਰਨ ਜਾ ਰਿਹੈ ਬਦਲਾਅ, ਭਾਰਤੀ ਡਾਕਟਰਾਂ ਨੂੰ ਹੋਵੇਗਾ ਫ਼ਾਇਦਾ
H-1B, L1 ਵੀਜ਼ਾ ਵਰਗੇ ਵਰਕ ਵੀਜ਼ਿਆਂ ਲਈ ਇੰਟਰਵਿਊ ਪਲੇਸਮੈਂਟ ਦਾ ਸਮਾਂ 18 ਮਹੀਨਿਆਂ ਤੋਂ ਘਟ ਕੇ ਲਗਭਗ 60 ਦਿਨ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਭਾਰਤੀਆਂ ਨੂੰ ਸਭ ਤੋਂ ਵੱਧ ਅਮਰੀਕੀ ਵਿਦਿਆਰਥੀ ਵੀਜ਼ੇ ਜਾਰੀ ਕਰਨ ਦਾ ਰਿਕਾਰਡ ਕਾਇਮ ਬਣਿਆ ਅਤੇ ਇਸ ਸਾਲ ਵੀ ਅਜਿਹਾ ਹੀ ਹੋ ਸਕਦਾ ਹੈ। ਅਮਰੀਕਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਾਮਲੇ ਵਿੱਚ ਭਾਰਤ ਹੁਣ ਦੁਨੀਆ ਵਿੱਚ ਦੂਜੇ ਨੰਬਰ 'ਤੇ ਹੈ। ਸਟਫਟ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਵੀਜ਼ਾ ਪ੍ਰਕਿਰਿਆ ਨੂੰ ਵਿਸ਼ਵਵਿਆਪੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ 'ਤੇ ਲਿਆਉਣ ਲਈ ਯਤਨ ਕਰ ਰਿਹਾ ਹੈ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਿੱਜੀ ਤੌਰ 'ਤੇ ਮਾਮਲੇ ਦੀ ਜਾਂਚ ਕਰ ਰਹੇ ਹਨ।
ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ “ਵਿਸ਼ਵ ਭਰ ਵਿੱਚ ਵੱਖ-ਵੱਖ ਵੀਜ਼ਾ ਸ਼੍ਰੇਣੀਆਂ ਦੀ ਵੱਡੀ ਮੰਗ ਹੈ। ਇਸ ਮੰਗ ਨੂੰ ਪੂਰਾ ਕਰਨਾ ਸਾਡੀ ਜ਼ਿੰਮੇਵਾਰੀ ਹੈ। ਹੁਣ ਅਸੀਂ ਇਹੀ ਕਰ ਰਹੇ ਹਾਂ।” ਉਸ ਨੇ ਕਿਹਾ ਕਿ “ਇੱਕ ਸਮਾਂ ਸੀ ਜਦੋਂ ਇੰਟਰਵਿਊ ਦੀ ਯੋਜਨਾਬੰਦੀ ਵਿੱਚ 1,000 ਤੋਂ ਵੱਧ ਦਿਨ ਦਾ ਇੰਤਜ਼ਾਰ ਹੁੰਦਾ ਸੀ, ਪਰ ਹੁਣ ਇੱਕ ਨੂੰ ਛੱਡ ਕੇ ਕਿਸੇ ਵੀਜ਼ਾ ਸ਼੍ਰੇਣੀ ਵਿੱਚ ਇੰਤਜ਼ਾਰ ਦਾ ਸਮਾਂ ਨਹੀਂ ਹੈ,”। ਇੱਕ ਵੀਜ਼ਾ ਸ਼੍ਰੇਣੀ ਵਿੱਚ ਸਮਾਂ ਅਜੇ ਵੀ 400 ਦਿਨਾਂ ਤੋਂ ਵੱਧ ਹੈ ਪਰ ਇਹ ਪਹਿਲਾਂ ਨਾਲੋਂ ਬਹੁਤ ਘੱਟ ਹੈ। ਇਹ ਹਰ ਰੋਜ਼ ਘਟਾ ਰਿਹਾ ਹੈ, ਫਿਰ ਵੀ "400 ਦਿਨ ਸਵੀਕਾਰਯੋਗ ਨਹੀਂ ਹੈ"।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।