ਲੰਡਨ ''ਚ ਨੀਲਾਮ ਹੋਣਗੇ ਮਹਾਤਮਾ ਗਾਂਧੀ ਦੇ ਕਟੋਰੀ-ਚਮਚ, ਜਾਣੋ ਸ਼ੁਰੂਆਤੀ ਬੋਲੀ
Wednesday, Dec 30, 2020 - 06:03 PM (IST)
ਲੰਡਨ (ਬਿਊਰੋ): ਰਾਸ਼ਟਰਪਿਤਾ ਮਹਾਤਮਾ ਗਾਂਧੀ ਵੱਲੋਂ ਨਿੱਜੀ ਵਰਤੋਂ ਵਿਚ ਲਿਆਂਦੇ ਗਏ ਕਟੋਰੀ-ਚਮਚਿਆਂ ਅਤੇ ਛੁਰੀ ਕਾਂਟਿਆਂ ਦੀ ਆਉਣ ਵਾਲੀ 10 ਜਨਵਰੀ ਨੂੰ ਨੀਲਾਮੀ ਹੋਣ ਜਾ ਰਹੀ ਹੈ। ਇਹ ਨੀਲਾਮੀ ਬ੍ਰਿਟੇਨ ਦੇ ਇਕ ਕਾਊਂਟੀ ਬ੍ਰਿਸਟਲ ਵਿਚ ਹੋਵੇਗੀ। ਕੋਰੋਨਾ ਲਾਗ ਜਿਹੀ ਬੀਮਾਰੀ ਫੈਲੀ ਹੋਣ ਕਾਰਨ ਬੋਲੀ ਆਨਲਾਈਨ ਹੋਵੇਗੀ, ਲਿਹਾਜਾ ਇਸ ਦੀ ਜੋ ਬੋਲੀ ਤੈਅ ਕੀਤੀ ਗਈ ਹੈ, ਉਸ ਨਾਲੋਂ ਅਸਲੀ ਕੀਮਤ ਕਈ ਗੁਣਾ ਵੱਧ ਹੋਣ ਦੀ ਆਸ ਹੈ। ਕਿਉਂਕਿ ਮਹਾਤਮਾ ਗਾਂਧੀ ਨਾਲ ਜੁੜੀਆਂ ਵਸਤਾਂ ਦੀ ਮੰਗ ਸਿਰਫ ਭਾਰਤੀਆਂ ਵਿਚ ਹੀ ਨਹੀਂ ਸਗੋਂ ਉਹਨਾਂ ਦੇ ਗਲੋਬਲ ਇਤਿਹਾਸਿਕ ਬ੍ਰਾਂਡ ਹੋਣ ਨਾਲ ਇਸ ਦੀ ਮੰਗ ਦੁਨੀਆ ਭਰ ਦੇ ਮਿਊਜ਼ੀਅਮਾਂ ਅਤੇ ਸੰਸਥਾਵਾਂ ਵਿਚ ਦੇਖੀ ਜਾਂਦੀ ਹੈ। ਇਸ ਲਈ ਉਹਨਾਂ ਨਾਲ ਜੁੜਿਆ ਹਰੇਕ ਸਾਮਾਨ ਵਿਲੱਖਣ ਹੈ। ਖਾਸ ਕਰ ਕੇ ਜਦੋਂ ਗੱਲ ਉਹਨਾਂ ਦੀਆਂ ਵਰਤੀਆਂ ਨਿੱਜੀ ਵਸਤਾਂ ਦੀ ਆਉਂਦੀ ਹੈ।
ਇਹਨਾਂ ਚੀਜ਼ਾਂ ਦੀ ਹੋਵੇਗੀ ਨੀਲਾਮੀ
ਰਾਸ਼ਟਰਪਿਤਾ ਦੀਆਂ ਵਰਤੀਆਂ ਜਿਹੜੀਆਂ ਚੀਜ਼ਾਂ ਦੀ ਬ੍ਰਿਟੇਨ ਵਿਚ ਬੋਲੀ ਲਗਾਏ ਜਾਣ ਦੀ ਤਿਆਰੀ ਕੀਤੀ ਗਈ ਹੈ ਉਹਨਾਂ ਵਿਚ ਧਾਤ ਦੀ ਇਕ ਜੰਗ ਲੱਗੀ ਕਟੋਰੀ, ਲੱਕੜ ਦੇ ਦੋ ਚਮਚ ਅਤੇ ਲੱਕੜ ਦਾ ਹੀ ਇਕ ਕਾਂਟਾ (ਫੋਰਕ) ਸ਼ਾਮਲ ਹੈ। ਜਾਣਕਾਰੀ ਮੁਤਾਬਕ, ਬਾਪੂ ਵੱਲੋਂ ਵਰਤਿਆ ਇਹ ਕਟਲਰੀ ਸੈੱਟ ਬਹੁਤ ਹੀ ਅਦਭੁੱਤ ਹੈ ਜਿਸ ਨੂੰ ਉਹਨਾਂ ਦੇ ਇਕ ਮਸ਼ਹੂਰ ਚੇਲੇ ਸੁਮਤਿ ਮੋਰਾਰਜੀ ਨੇ ਉਦੋਂ ਸੰਗ੍ਰਹਿ ਕੀਤਾ ਸੀ ਜਦੋਂ ਉਹ ਉਹਨਾਂ ਦੀ ਦੇਖਭਾਲ ਕਰਦੇ ਸੀ। ਇਹਨਾਂ ਸਾਮਾਨਾਂ ਦਾ ਜ਼ਿਕਰ ਉਹਨਾਂ ਨੇ ਆਪਣੀ ਕਿਤਾਬ ਵਿਚ ਕੀਤਾ ਹੈ। ਨੀਲਾਮ ਕਰਨ ਵਾਲੀ ਸੰਸਥਾ ਦੀ ਕੈਟੇਲੌਗ ਦੇ ਮੁਤਾਬਕ ਗਾਂਧੀ ਜੀ ਨੇ ਇਹਨਾਂ ਚੀਜ਼ਾਂ ਦੀ ਵਰਤੋਂ 1942 ਤੋਂ 1944 ਦੇ ਵਿਚ ਉਦੋਂ ਕੀਤੀ ਸੀ ਜਦੋਂ ਉਹਨਾਂ ਨੂੰ ਪੁਣੇ ਦੇ ਆਗਾ ਖਾਨ ਪੈਲੇਸ ਅਤੇ ਫਿਰ ਮੁੰਬਈ ਦੇ ਨੇੜੇ ਬਣੇ ਹਾਊਸ ਵਿਚ ਕੈਦ ਕਰ ਕੇ ਰੱਖਿਆ ਗਿਆ ਸੀ। ਇਸ ਦੇ ਮੁਤਾਬਕ, ਕਟੋਰੀ ਦੇ ਬੇਸ ਵਿਚ 208/42 ਦਰਜ ਹੈ ਅਤੇ ਲੱਕੜ ਦੇ ਚਮਚਿਆਂ 'ਤੇ ਰਵਾਇਤੀ ਨੱਕਾਸ਼ੀ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊ ਸਾਊਥ ਵੇਲਜ਼ 'ਚ ਕੋਰੋਨਾ ਦੇ 18 ਨਵੇਂ ਮਾਮਲੇ, ਲੋਕਾਂ ਲਈ ਨਿਰਦੇਸ਼ ਜਾਰੀ
ਇਹ ਹੈ ਸ਼ੁਰੂਆਤੀ ਬੋਲੀ
ਬਾਪੂ ਵੱਲੋਂ ਵਰਤੇ ਇਹਨਾਂ ਭਾਂਡਿਆਂ ਦੀ ਸ਼ੁਰੂਆਤੀ ਬੋਲੀ 55 ਹਜ਼ਾਰ ਪੌਂਡ ਰੱਖੀ ਗਈ ਹੈ ਜਿਸ ਦੀ ਭਾਰਤੀ ਕੀਮਤ ਸਾਰੇ ਟੈਕਸ ਲਗਾਉਣ ਦੇ ਬਾਅਦ ਕਰੀਬ 1.2 ਕਰੋੜ ਤੱਕ ਹੋ ਸਕਦੀ ਹੈ। ਪਰ ਇਕ ਅਨੁਮਾਨ ਮੁਤਾਬਕ, ਇਸ ਦੀ ਬੋਲੀ 80 ਹਜ਼ਾਰ ਪੌਂਡ ਤੱਕ ਜਾ ਸਕਦੀ ਹੈ ਅਤੇ ਉਸ ਹਿਸਾਬ ਨਾਲ ਭਾਰਤ ਵਿਚ ਇਸ ਦੀ ਕੀਮਤ 2 ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ। ਕਿਉਂਕਿ ਇਹ ਬੋਲੀ ਆਨਲਾਈਨ ਹੋਵੇਗੀ ਇਸ ਲਈ ਇਸ ਦੇ ਅਨੁਮਾਨ ਨਾਲੋਂ ਕਈ ਗੁਣਾ ਜਾਂ ਘੱਟੋ-ਘੱਟ 2 ਤੋਂ 3 ਗੁਣਾ ਤੱਕ ਹੋਣ ਦੀ ਆਸ ਹੈ। ਨੀਲਾਮੀ ਕਰਤਾ ਵੱਲੋਂ ਕਿਹਾ ਗਿਆ ਹੈ ਕਿ ਇਹ ਨਾ ਸਿਰਫ ਗਾਂਧੀ ਸਗੋਂ ਭਾਰਤ ਦੇ ਇਤਿਹਾਸ ਨਾਲ ਸਬੰਧਤ ਇਤਿਹਾਸਿਕ ਕਲਾਕ੍ਰਿਤੀਆਂ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।