ਫਰਾਂਸ ''ਚ ਡੂੰਘੇ ਹੁੰਦੇ ਰਾਜਨੀਤਿਕ ਸੰਕਟ ਦੇ ਵਿਚਕਾਰ ਮੈਕਰੋਨ 48 ਘੰਟਿਆਂ ਦੇ ਅੰਦਰ ਕਰਨਗੇ ਨਵੇਂ PM ਦਾ ਐਲਾਨ
Thursday, Oct 09, 2025 - 04:45 PM (IST)

ਪੈਰਿਸ (ਏਜੰਸੀ)- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਗਲੇ 48 ਘੰਟਿਆਂ ਦੇ ਅੰਦਰ ਇੱਕ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਕਰਨਗੇ। ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਸੇਬੇਸਟੀਅਨ ਲੇਕੋਰਨੂ ਨੇ ਸੋਮਵਾਰ ਨੂੰ ਅਚਾਨਕ ਅਸਤੀਫਾ ਦੇ ਦਿੱਤਾ ਸੀ। ਲੇਕੋਰਨੂ ਦੀ ਥਾਂ ਲੈਣ ਲਈ ਇੱਕ ਨਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਨਾਲ ਘੱਟੋ ਘੱਟ ਹੁਣ ਲਈ ਫਰਾਂਸ ਵਿੱਚ ਤੁਰੰਤ ਵਿਧਾਨ ਸਭਾ ਚੋਣਾਂ ਦੀ ਸੰਭਾਵਨਾ ਘੱਟ ਹੋ ਜਾਵੇਗੀ। ਨਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਬਾਰੇ ਮੈਕਰੋਨ ਦੇ ਦਫ਼ਤਰ ਦੁਆਰਾ ਐਲਾਨ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ, ਲੇਕੋਰਨੂ ਨੇ ਆਪਣੇ ਅਸਤੀਫੇ ਦੇ ਬਾਵਜੂਦ ਰਾਸ਼ਟਰਪਤੀ ਦੀ ਬੇਨਤੀ 'ਤੇ ਸੰਸਦ ਵਿੱਚ ਦੋ ਦਿਨ ਚਰਚਾ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਸ਼ਕਤੀਸ਼ਾਲੀ ਪਰ ਵੰਡੇ ਹੋਏ ਹੇਠਲੇ ਸਦਨ ਵਿੱਚ ਨਵੀਂ ਸਰਕਾਰ ਬਣਾਉਣ ਲਈ ਲੋੜੀਂਦਾ ਸਮਰਥਨ ਹੈ?
ਲੇਕੋਰਨੂ ਨੇ ਵਿਚਾਰ-ਵਟਾਂਦਰੇ ਤੋਂ ਇਹ ਸਿੱਟਾ ਕੱਢਿਆ ਕਿ ਭਾਵਏ ਹੀ ਮੈਕਰੋਨ ਦੇ ਖੇਮੇ ਅਤੇ ਉਸਦੇ ਸਹਿਯੋਗੀਆਂ ਕੋਲ ਰਾਸ਼ਟਰੀ ਅਸੈਂਬਲੀ ਵਿੱਚ ਬਹੁਮਤ ਨਹੀਂ ਹੈ ਪਰ ਉਨ੍ਹਾਂ ਕੋਲ ਨਵੀਂ ਸਰਕਾਰ ਬਣਾਉਣ ਲਈ ਕਾਫ਼ੀ ਸਮਰਥਨ ਹੈ। ਪਿਛਲੇ ਇਕ ਸਾਲ ਦੌਰਾਨ ਮੈਕਰੋਨ ਦੁਆਰਾ ਨਿਯੁਕਤ ਪ੍ਰਧਾਨ ਮੰਤਰੀਆਂ ਦੇ ਅਸਤੀਫ਼ਿਆਂ ਦੇ ਕਾਰਨ ਫਰਾਂਸ ਵਿੱਚ ਰਾਜਨੀਤਿਕ ਉਥਲ-ਪੁਥਲ ਜਾਰੀ ਹੈ। ਰਾਸ਼ਟਰਪਤੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜਨੀਤਿਕ ਪਾਰਟੀਆਂ ਨਾਲ ਆਪਣੀ ਚਰਚਾ ਤੋਂ ਬਾਅਦ, ਲੇਕੋਰਨੂ ਨੇ ਇਹ ਸਿੱਟਾ ਕੱਢਿਆ ਕਿ ਨੈਸ਼ਨਲ ਅਸੈਂਬਲੀ ਦੇ ਜ਼ਿਆਦਾਤਰ ਸੰਸਦ ਮੈਂਬਰ ਤੁਰੰਤ ਸੰਸਦੀ ਚੋਣਾਂ ਨਹੀਂ ਚਾਹੁੰਦੇ ਅਤੇ ਇਹ "ਸੰਭਵ" ਹੈ ਕਿ ਉਹ ਸਾਲ ਦੇ ਅੰਤ ਤੱਕ ਫਰਾਂਸ ਲਈ 2026 ਦੇ ਬਜਟ 'ਤੇ ਸਹਿਮਤ ਹੋ ਸਕਦੇ ਹਨ।
ਬਿਆਨ ਵਿਚ ਕਿਹਾ ਗਿਆ ਹੈ, "ਇਸ ਆਧਾਰ 'ਤੇ, ਗਣਰਾਜ ਦੇ ਰਾਸ਼ਟਰਪਤੀ 48 ਘੰਟਿਆਂ ਦੇ ਅੰਦਰ ਇੱਕ ਪ੍ਰਧਾਨ ਮੰਤਰੀ ਦਾ ਨਾਮ ਐਲਾਣਨਗੇ।" ਇਸ ਅਹੁਦੇ ਲਈ ਮੈਕਰੋਨ ਕਿਸ ਨੂੰ ਚੁਣਨਗੇ, ਇਸ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਗਿਆ। ਹਾਲਾਂਕਿ, ਲੇਕੋਰਨੂ ਨੇ ਸੰਕੇਤ ਦਿੱਤਾ ਕਿ ਉਹ ਦੁਬਾਰਾ ਪ੍ਰਧਾਨ ਮੰਤਰੀ ਨਹੀਂ ਬਣਨਗੇ।