ਟਰੰਪ ਨਾਲ ਆਪਣਾ ਨੋਬਲ ਪੁਰਸਕਾਰ ਸਾਂਝਾ ਕਰੇਗੀ ਵੈਨੇਜ਼ੁਏਲਾ ਦੇ ਵਿਰੋਧੀ ਧਿਰ ਦੀ ਨੇਤਾ ਮਾਚਾਡੋ !
Sunday, Jan 11, 2026 - 03:41 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਹਫ਼ਤੇ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਾਚਾਡੋ ਨਾਲ ਵਾਸ਼ਿੰਗਟਨ ’ਚ ਮੁਲਾਕਾਤ ਕਰਨਗੇ। ਟਰੰਪ ਨੇ ਇਹ ਵੀ ਸੰਕੇਤ ਦਿੱਤਾ ਕਿ ਜੇਕਰ ਮਾਚਾਡੋ ਉਨ੍ਹਾਂ ਨੂੰ ਆਪਣਾ ਨੋਬਲ ਸ਼ਾਂਤੀ ਪੁਰਸਕਾਰ ਸਾਂਝਾ ਕਰਨ ਦੀ ਪੇਸ਼ਕਸ਼ ਕਰਦੀ ਹੈ ਤਾਂ ਉਹ ਇਸ ਨੂੰ ਸਨਮਾਨ ਨਾਲ ਸਵੀਕਾਰ ਕਰਨਗੇ।
ਇਹ ਬਿਆਨ ਟਰੰਪ ਨੇ ਇਕ ਇੰਟਰਵਿਊ ’ਚ ਦਿੱਤਾ। ਇੰਟਰਵਿਊ ’ਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਮਾਚਾਡੋ ਅਗਲੇ ਹਫ਼ਤੇ ਵਾਸ਼ਿੰਗਟਨ ਆ ਰਹੀ ਹੈ ਅਤੇ ਉਹ ਉਨ੍ਹਾਂ ਨੂੰ ਮਿਲਣ ਲਈ ਉਤਸੁਕ ਹਨ। ਟਰੰਪ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਵੱਡਾ ਸਨਮਾਨ ਹੋਵੇਗਾ। ਮਾਚਾਡੋ ਨੇ ਹਾਲ ਹੀ ’ਚ ਦੱਸਿਆ ਸੀ ਕਿ ਪੁਰਸਕਾਰ ਮਿਲਣ ਤੋਂ ਬਾਅਦ ਉਨ੍ਹਾਂ ਦੀ ਟਰੰਪ ਨਾਲ ਸਿੱਧੀ ਗੱਲਬਾਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਟਰੰਪ ਦੀ ਕਾਰਵਾਈ ਦੀ ਸ਼ਲਾਘਾ ਕਰਦੀ ਹੈ ਅਤੇ ਇਸ ਨੂੰ ‘ਵੈਨੇਜ਼ੁਏਲਾ ਦੀ ਜਨਤਾ ਵੱਲੋਂ ਸਾਹਸੀ ਮਿਸ਼ਨ’ ਦੱਸਿਆ।
ਵੈਨੇਜ਼ੁਏਲਾ ’ਚ ਮਾਚਾਡੋ ਦੀ ਅਹਿਮ ਭੂਮਿਕਾ
ਜ਼ਿਕਰਯੋਗ ਹੈ ਕਿ ਮਾਰੀਆ ਕੋਰੀਨਾ ਮਾਚਾਡੋ ਲੰਬੇ ਸਮੇਂ ਤੋਂ ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਮੁੱਖ ਆਲੋਚਕ ਰਹੀ ਹੈ। ਅਕਤੂਬਰ 2025 ’ਚ ਲੋਕਤੰਤ੍ਰਿਕ ਅੰਦੋਲਨ ਅਤੇ ਸਿਆਸੀ ਸਰਗਰਮੀ ਲਈ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਮਾਦੁਰੋ ਸਰਕਾਰ ਨੇ ਉਨ੍ਹਾਂ ਨੂੰ ਪਿਛਲੀਆਂ ਆਮ ਚੋਣਾਂ ’ਚ ਉਮੀਦਵਾਰ ਬਣਨ ਤੋਂ ਰੋਕਿਆ ਸੀ ਜਦਕਿ ਵਿਰੋਧੀ ਪ੍ਰਾਇਮਰੀ ’ਚ ਉਹ ਜਿੱਤ ਚੁੱਕੀ ਸੀ।
