ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਦਾ ਸਨਮਾਨ

Wednesday, Mar 17, 2021 - 10:56 AM (IST)

ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਦਾ ਸਨਮਾਨ

ਰੋਮ ਇਟਲੀ (ਕੈਂਥ)– ਲੋਕ ਵਿਰਾਸਤ ਅਕਾਦਮੀ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਕਰਵਾਏ ਸਮਾਗਮ ਦੌਰਾਨ ਇਟਲੀ ਵਾਸੀ ਕਵੀ ਤੇ ਕਹਾਣੀਕਾਰ ਦਲਜਿੰਦਰ ਰਹਿਲ ਦਾ ਰੂ-ਬ-ਰੂ ਤੇ ਸਨਮਾਨ ਕਰਨ ਲਈ ਇਕੱਤਰਤਾ ਕੀਤੀ ਗਈ। ਇਸ ਸਮੇਂ ਦਲਜਿੰਦਰ ਰਹਿਲ ਨੇ ਦੱਸਿਆ ਕਿ ਇੰਗਲੈਂਡ ਵਿਚ ਬੇਸ਼ੱਕ ਲੰਮੇ ਸਮੇਂ ਤੋਂ ਸਾਹਿਤਕ ਸਰਗਰਮੀਆਂ ਦਾ ਮਾਹੌਲ ਚੱਲ ਰਿਹਾ ਹੈ ਪਰ ਹੁਣ ਯੂਰਪ ਦੇ ਬਾਕੀ ਦੇਸ਼ ਵੀ ਇਕ ਛੱਤਰੀ ਹੇਠ ਆ ਰਹੇ ਹਨ। 
ਉਹਨਾਂ ਦੱਸਿਆ ਕਿ ਸਾਹਿਤ ਸੁਰ ਸੰਗਮ ਸਭਾ ਇਟਲੀ ਕੋਵਿਡ ਦੇ ਗੰਭੀਰ ਹਾਲਾਤਾਂ ਵਿਚ ਵੀ ਸਾਹਿਤਕ ਸਰਗਰਮੀਆਂ ਨੂੰ ਲੈ ਕੇ ਸਰਗਰਮ ਰਹਿਣ ਵਾਲੀਆਂ ਸੰਸਥਾਵਾਂ ਚੋਂ ਸਭ ਤੋਂ ਮੂਹਰੇ ਰਹੀ ਹੈ। ਦਲਜਿੰਦਰ ਰਹਿਲ ਵੱਲੋਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਚਾਨਣਾ ਪਾਇਆ ਗਿਆ। 
ਮਨਜਿੰਦਰ ਧਨੋਆ ਨੇ ਦਲਜਿੰਦਰ ਰਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਲੇਖਕ ਸਾਡੇ ਬਿਨ ਤਨਖਾਹੋਂ ਰਾਜਦੂਤ ਹਨ ਜੋ ਪੰਜਾਬੀ ਭਾਈਚਾਰਾ ਉਸਾਰਨ ਵਿਚ ਮਦਦਗਾਰ ਸਾਬਤ ਹੁੰਦੇ ਹਨ। ਇਸ ਸਮੇਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜਿੱਤਣ ਵਾਲੇ ਲੇਖਕਾਂ ਕਹਾਣੀਕਾਰ ਗੁਰਦੇਵ ਰੁਪਾਣਾ, ਬਾਲ ਸਾਹਿਤ ਲੇਖਕ ਡਾ ਕਰਨੈਲ ਸਿੰਘ ਸੋਮਲ ਤੇ ਯੁਵਾ ਲੇਖਕ ਡਾ ਦੀਪਕ ਧਲੇਵਾ ਨੂੰ ਮੁਬਾਰਕ ਦਿੱਤੀ ਗਈ।
 ਲੋਕ ਵਿਰਾਸਤ ਅਕਾਦਮੀ ਦੇ ਚੈਅਰਮੈਨ ਪ੍ਰੋ ਗੁਰਭਜਨ ਗਿੱਲ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ ਰਵਿੰਦਰ ਭੱਠਲ, ਸਕੱਤਰ ਮਨਜਿੰਦਰ ਧਨੋਆ ਤੇ ਪੰਜਾਬੀ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਦਲਜਿੰਦਰ ਰਹਿਲ ਨੂੰ “ਪੱਤੇ ਪੱਤੇ ਲਿਖੀ ਇਬਾਰਤ” (ਲੇਖਕ ਪ੍ਰੋ ਗੁਰਭਜਨ ਗਿੱਲ ਤੇ ਤੇਜਪ੍ਰਤਾਪ ਸਿੰਘ ਸੰਧੂ) ਤੇ ਹੋਰ ਪੁਸਤਕਾਂ ਭੇਂਟ ਕਰਕੇ ਸਨਮਾਨਿਤ ਕੀਤਾ।


author

Aarti dhillon

Content Editor

Related News