ਅਮਰੀਕਾ ਦੇ ਨਿਊਜਰਸੀ ਦੇ ਬੀਚ ’ਤੇ ਡਿੱਗੀ ਆਸਮਾਨੀ ਬਿਜਲੀ, ਲਾਈਫ ਗਾਰਡ ਦੀ ਹੋਈ ਮੌਤ
Tuesday, Aug 31, 2021 - 10:26 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਨਿਊਜਰਸੀ ’ਚ ਇੱਕ ਸਮੁੰਦਰੀ ਕੰਢੇ ’ਤੇ ਸੋਮਵਾਰ ਨੂੰ ਆਸਮਾਨੀ ਬਿਜਲੀ ਡਿੱਗਣ ਦੀ ਘਟਨਾ ਵਾਪਰੀ ਹੈ। ਇਸ ਕੁਦਰਤੀ ਆਫ਼ਤ ਕਾਰਨ ਬੀਚ ’ਤੇ ਇੱਕ ਲਾਈਫ ਗਾਰਡ ਦੀ ਮੌਤ ਹੋਣ ਨਾਲ 7 ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬਰਕਲੇ ਟਾਊਨਸ਼ਿਪ ਪੁਲਸ ਵਿਭਾਗ ਨੇ ਦੱਸਿਆ ਕਿ ਇਹ ਜਾਨਲੇਵਾ ਘਟਨਾ ਸਾਊਥ ਸੀਸਾਈਡ ਪਾਰਕ ਦੇ ਬੀਚ ’ਤੇ ਸ਼ਾਮ 4:30 ਵਜੇ ਦੇ ਕਰੀਬ ਵਾਪਰੀ। ਬੀਚ ’ਤੇ ਸਥਿਤ ਇੱਕ ਪੁਰਸ਼ ਲਾਈਫ ਗਾਰਡ ਬਿਜਲੀ ਦੀ ਲਪੇਟ ’ਚ ਆਇਆ ਅਤੇ ਉਸ ਨੂੰ ਮੌਕੇ ’ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਇਸ ਤੋਂ ਇਲਾਵਾ ਇਸ ਹਾਦਸੇ ’ਚ 4 ਸੈਲਾਨੀਆਂ ਦੇ ਨਾਲ 3 ਹੋਰ ਲਾਈਫ ਗਾਰਡ ਵੀ ਜ਼ਖ਼ਮੀ ਹੋਏ। ਪੁਲਸ ਅਧਿਕਾਰੀਆਂ ਅਨੁਸਾਰ ਜ਼ਖਮੀਆਂ ’ਚ ਇੱਕ 50 ਸਾਲਾ ਔਰਤ, 51 ਅਤੇ 19 ਸਾਲਾ ਆਦਮੀ ਸ਼ਾਮਲ ਹਨ। 7 ਜ਼ਖ਼ਮੀ ਵਿਅਕਤੀਆਂ ਨੂੰ ਬਿਜਲੀ ਡਿੱਗਣ ਤੋਂ ਬਾਅਦ ਸਿਰ ਦਰਦ, ਚੱਕਰ ਆਉਣੇ ਅਤੇ ਸੁਣਨ ਸਬੰਧੀ ਸਮੱਸਿਆਵਾਂ ਦੇ ਇਲਾਜ ਲਈ ਕਮਿਊਨਿਟੀ ਮੈਡੀਕਲ ਸੈਂਟਰ ’ਚ ਲਿਜਾਇਆ ਗਿਆ। ਬਰਕਲੇ ਪੁਲਸ ਵਿਭਾਗ ਅਨੁਸਾਰ ਟਾਊਨਸ਼ਿਪ ਦੇ ਸਮੁੰਦਰੀ ਬੀਚ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਤੈਰਾਕੀ ਲਈ ਬੰਦ ਕਰ ਦਿੱਤੇ ਜਾਣਗੇ ਤਾਂ ਜੋ ਲਾਈਫ ਗਾਰਡ ਅਤੇ ਬੀਚ ਸਟਾਫ ਨੂੰ ਕੁਝ ਸਮਾਂ ਛੁੱਟੀ ਦਿੱਤੀ ਜਾ ਸਕੇ। ਇਸ ਹਾਦਸੇ ਦੇ ਸਬੰਧ ’ਚ ਇਕ ਮੌਸਮ ਵਿਗਿਆਨੀ ਡੈਨ ਜ਼ਾਰੋ ਨੇ ਜਾਣਕਾਰੀ ਦਿੱਤੀ ਕਿ ਲਾਈਫ ਗਾਰਡ ਬਿਜਲੀ ਡਿੱਗਣ ਸਮੇਂ ਆਪਣੀ ਕੁਰਸੀ ਦੇ ਸਭ ਤੋਂ ਉੱਚੇ ਸਥਾਨ ’ਤੇ ਬੈਠਾ ਸੀ, ਜਿਸ ਕਾਰਨ ਉਹ ਮਾਰਿਆ ਗਿਆ।