''ਤੁਰੰਤ ਸੁੱਟ ਦਿਓ ਪੇਜਰ'', ਲੜੀਵਾਰ ਧਮਾਕਿਆਂ ਤੋਂ ਬਾਅਦ ਲੇਬਨਾਨ ਦੀ ਸਰਕਾਰ ਦੇ ਹੁਕਮ
Tuesday, Sep 17, 2024 - 10:22 PM (IST)
ਇੰਟਰਨੈਸ਼ਨਲ ਡੈਸਕ : ਲੇਬਨਾਨ ਵਿਚ ਲੜੀਵਾਰ ਧਮਾਕੇ ਹੋਏ ਹਨ। ਦਰਅਸਲ ਲੋਕਾਂ ਦੀਆਂ ਜੇਬਾਂ 'ਚ ਰੱਖੇ ਪੇਜਰ ਅਚਾਨਕ ਫਟ ਗਏ। ਇਸ ਧਮਾਕੇ ਵਿਚ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ। ਲੜੀਵਾਰ ਧਮਾਕਿਆਂ ਕਾਰਨ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਤਰਰਾਸ਼ਟਰੀ ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਇਹ ਧਮਾਕੇ ਹਿਜ਼ਬੁੱਲਾ ਦੇ ਲੜਾਕਿਆਂ ਦੇ ਪੇਜਰਾਂ 'ਚ ਹੋਏ। ਇਨ੍ਹਾਂ ਪੇਜਰਾਂ ਦੀ ਵਰਤੋਂ ਹਿਜ਼ਬੁੱਲਾ ਦੇ ਲੜਾਕਿਆਂ ਦੁਆਰਾ ਆਪਸ ਵਿੱਚ ਸੰਚਾਰ ਕਰਨ ਲਈ ਕੀਤੀ ਗਈ ਸੀ, ਪਰ ਕਿਸੇ ਨੇ ਉਨ੍ਹਾਂ ਨੂੰ ਹੈਕ ਕਰ ਲਿਆ ਅਤੇ ਧਮਾਕਾ ਕਰ ਦਿੱਤਾ। ਇਸ ਭਿਆਨਕ ਘਟਨਾ 'ਚ ਈਰਾਨ ਦੇ ਰਾਜਦੂਤ ਮੋਜਿਤਬਾ ਅਮਾਨੀ ਵੀ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ਵਿੱਚ ਹਿਜ਼ਬੁੱਲਾ ਦੇ ਕਈ ਲੜਾਕੇ ਵੀ ਸ਼ਾਮਲ ਹਨ।
ਇਸ ਦੌਰਾਨ ਭਿਆਨਕ ਧਮਾਕਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੇਖਿਆ ਜਾ ਸਕਦਾ ਹੈ ਕਿ ਕਿਵੇਂ ਰੋਜ਼ਾਨਾ ਕੰਮ ਕਰਦੇ ਸਮੇਂ ਅਚਾਨਕ ਲੋਕਾਂ ਦੇ ਪੇਜ਼ਰ ਫਟ ਗਏ, ਜਿਸ 'ਚ ਲੋਕ ਜ਼ਖਮੀ ਹੋ ਗਏ। ਇਸ ਦੌਰਾਨ, ਲੇਬਨਾਨ ਦੇ ਸਿਹਤ ਮੰਤਰਾਲੇ ਨੇ ਉਨ੍ਹਾਂ ਨਾਗਰਿਕਾਂ ਨੂੰ ਕਿਹਾ ਹੈ ਜਿਨ੍ਹਾਂ ਕੋਲ ਪੇਜਰ ਹਨ, ਉਨ੍ਹਾਂ ਨੂੰ ਤੁਰੰਤ ਸੁੱਟ ਦੇਣ। ਹਿਜ਼ਬੁੱਲਾ ਨੇ ਇਸ ਧਮਾਕੇ ਨੂੰ ਇਜ਼ਰਾਇਲੀ ਸਾਜ਼ਿਸ਼ ਦੱਸਿਆ ਹੈ। ਹਾਲਾਂਕਿ, ਇਜ਼ਰਾਈਲੀ ਫੌਜ ਨੇ ਧਮਾਕਿਆਂ ਬਾਰੇ ਰਾਇਟਰਜ਼ ਦੇ ਸਵਾਲਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਧਮਾਕੇ ਸਥਾਨਕ ਸਮੇਂ ਅਨੁਸਾਰ ਦੁਪਹਿਰ 3:45 ਵਜੇ (1345 GMT) 'ਤੇ ਇਕ ਤੋਂ ਬਾਅਦ ਇਕ ਹੋਏ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਉਪਕਰਣ ਕਿਵੇਂ ਵਿਸਫੋਟ ਹੋਇਆ।
ਕੀ ਹੁੰਦਾ ਹੈ ਪੇਜਰ, ਜਿਸ 'ਚ ਹੋਏ ਧਮਾਕੇ?
ਪੇਜਰ ਇੱਕ ਯੰਤਰ ਹੈ ਜਿਸਦੀ ਵਰਤੋਂ ਸੁਨੇਹੇ ਭੇਜਣ ਅਤੇ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ 1990 ਦੇ ਦਹਾਕੇ ਵਿੱਚ ਕਾਫ਼ੀ ਮਸ਼ਹੂਰ ਸੀ, ਖਾਸ ਕਰਕੇ ਡਾਕਟਰਾਂ, ਕਾਰੋਬਾਰੀਆਂ ਅਤੇ ਐਮਰਜੈਂਸੀ ਸੇਵਾਵਾਂ ਦੇ ਪੇਸ਼ੇਵਰਾਂ ਦੁਆਰਾ। ਪੇਜਰ ਦਾ ਕੰਮ ਰੇਡੀਓ ਸਿਗਨਲ ਰਾਹੀਂ ਟੈਕਸਟ ਸੁਨੇਹੇ ਪ੍ਰਾਪਤ ਕਰਨਾ ਹੈ। ਇਹ ਮੁੱਖ ਤੌਰ 'ਤੇ ਉਦੋਂ ਲਾਭਦਾਇਕ ਸੀ ਜਦੋਂ ਮੋਬਾਈਲ ਫੋਨ ਇੰਨੇ ਮਸ਼ਹੂਰ ਨਹੀਂ ਸਨ। ਅੱਜ ਵੀ, ਪੇਜਰਾਂ ਦੀ ਵਰਤੋਂ ਕੁਝ ਖਾਸ ਉਦਯੋਗਾਂ ਜਿਵੇਂ ਕਿ ਸਿਹਤ ਸੰਭਾਲ ਅਤੇ ਐਮਰਜੈਂਸੀ ਸੇਵਾਵਾਂ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਇਹ ਸੰਚਾਰ ਦਾ ਇੱਕ ਭਰੋਸੇਯੋਗ ਸਾਧਨ ਹਨ।