ਭਗੌੜੇ ਮੁਸ਼ੱਰਫ ਵਲੋਂ ਪਾਕਿ ਸੱਤਾ 'ਤੇ ਮੁੜ ਕਬਜ਼ਾ ਕਰਨ ਦੀ ਛਿੜੀ ਚਰਚਾ

12/29/2018 3:49:32 PM

ਵਾਸ਼ਿੰਗਟਨ— ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਇਕ ਲੀਕ ਹੋਈ ਵੀਡੀਓ 'ਚ ਕਥਿਤ ਤੌਰ 'ਤੇ ਦੁਬਾਰਾ ਸੱਤਾ ਹਾਸਿਲ ਕਰਨ ਲਈ ਅਮਰੀਕਾ ਤੋਂ ਗੁਪਤ ਸਮਰਥਨ ਮੰਗਦੇ ਹੋਏ ਦਿਖੇ ਹਨ। ਇਸ ਦੇ ਨਾਲ ਹੀ ਉਹ ਅਮਰੀਕੀ ਸੰਸਦ ਮੈਂਬਰਾਂ ਨੂੰ ਇਹ ਦੱਸਦੇ ਹੋਏ ਸੁਣਾਈ ਦੇ ਰਹੇ ਹਨ ਕਿ ਉਹ ਇਸ ਗੱਲ ਤੋਂ ਸ਼ਰਮਿੰਦਾ ਸਨ ਕਿ ਆਈ.ਐੱਸ.ਆਈ. ਦੇ ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਦੇ ਟਿਕਾਣੇ ਦਾ ਪਤਾ ਲਾਉਣ ਨੂੰ ਲੈ ਕੇ ਉਨ੍ਹਾਂ ਦਾ ਰਵੱਈਆ ਨਾਕਾਰਾਤਮਕ ਰਿਹਾ। ਇਹ ਤਾਂ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵੀਡੀਓ ਕਦੋਂ ਬਣਾਈ ਗਈ ਸੀ। 

ਪਾਕਿਸਤਾਨ ਦੇ ਅਸੰਤੁਸ਼ਟ ਲੇਖਕ ਗੁਲ ਬੁਖਾਰੀ ਵਲੋਂ ਪੋਸਟ ਕੀਤੀ ਗਈ ਇਸ ਵੀਡੀਓ 'ਚ ਇਹ ਵੀ ਦਿਖ ਰਿਹਾ ਹੈ ਕਿ ਆਤਮ ਦੇਸ਼ ਨਿਕਾਲੇ ਦੀ ਜ਼ਿੰਦਗੀ ਜੀਅ ਰਹੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਉਹ ਸੋਚਦੇ ਹਨ ਕਿ ਆਈ.ਐੱਸ.ਆਈ. ਦੀ ਹਰਕਤ ਮੁਆਫ ਕਰਨ ਲਾਇਕ ਸੀ। ਜਨਰਲ ਮੁਸ਼ੱਰਫ ਮਹਾ ਦੋਸ਼ ਤੋਂ ਬਚਣ ਲਈ ਅਸਤੀਫਾ ਦੇਣ ਤੋਂ ਪਹਿਲਾਂ 2001 ਤੋਂ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਸਨ। ਸਾਬਕਾ ਫੌਜ ਮੁਖੀ ਮਾਰਚ 2016 ਤੋਂ ਦੁਬਈ 'ਚ ਰਹਿ ਰਹੇ ਹਨ। ਉਹ ਸੁਰੱਖਿਆ ਤੇ ਸਿਹਤ ਸਬੰਧੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦੇਸ਼ ਛੱਡ ਗਏ ਸਨ ਤੇ ਉਦੋਂ ਤੋਂ ਦੇਸ਼ ਨਹੀਂ ਪਰਤੇ ਹਨ। ਉਹ 2007 'ਚ ਸੰਵਿਧਾਨ ਨੂੰ ਭੰਗ ਕਰਨ ਲਈ ਦੇਸ਼ ਧਰੋਹ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ।

ਮੁਸ਼ੱਰਫ ਲੀਕ ਹੋਈ ਵੀਡੀਓ 'ਚ ਅਮਰੀਕੀ ਸੰਸਦ ਮੈਂਬਰਾਂ ਨੂੰ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਮੈਂ ਬੱਸ ਇਹ ਕਹਿ ਰਿਹਾ ਹਾਂ ਕਿ ਮੇਰਾ ਪਹਿਲਾਂ ਤੋਂ ਹੀ ਭਰੋਸੇਯੋਗ ਹਾਂ। ਮੈਨੂੰ ਦੁਬਾਰਾ ਸੱਤਾ 'ਚ ਆਉਣ ਦੀ ਲੋੜ ਹੈ ਤੇ ਮੇਰਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਖੁੱਲ੍ਹੇ 'ਚ ਨਹੀਂ ਬਲਕਿ ਗੁਪਤ ਰੂਪ ਨਾਲ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਅੱਤਵਾਦ ਦੇ ਖਿਲਾਫ ਲੜਾਈ ਲਈ ਅਮਰੀਕਾ ਵਲੋਂ ਦਿੱਤੀ ਰਾਸ਼ੀ ਦੀ ਵਰਤੋਂ ਗਰੀਬੀ ਨੂੰ 34 ਫੀਸਦੀ ਤੋਂ 17 ਫੀਸਦੀ ਤੱਕ ਲਿਆਉਣ ਲਈ ਕੀਤੀ। ਪਹਿਲੀ ਵੀਡੀਓ ਕਲਿਪ 'ਚ ਇਹ ਅਮਰੀਕੀ ਪ੍ਰਤੀਨਿਧੀ ਸਭਾ ਦੇ ਲਾਂਘੇ 'ਚ ਚੱਲਦੇ ਹੋਏ ਦਿਖਾਈ ਦੇ ਰਹੇ ਹਨ। ਅਜਿਹਾ ਲੱਗਦਾ ਹੈ ਕਿ ਇਹ ਵੀਡੀਓ ਕਲਿਪ 2012 ਦੀ ਹੈ।


Baljit Singh

Content Editor

Related News