ਲੈਟਿਨ ਅਮਰੀਕਾ 'ਚ ਮਹਿਲਾ ਉਦਮੀਆਂ ਨੂੰ ਇਵਾਂਕਾ ਨੇ ਦਿੱਤਾ 150 ਮਿਲੀਅਨ ਡਾਲਰ ਦਾ ਤੋਹਫਾ

Saturday, Apr 14, 2018 - 12:52 PM (IST)

ਲੀਮਾ(ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਇਵਾਂਕਾ ਟਰੰਪ ਨੇ ਲੈਟਿਨ ਅਮਰੀਕਾ ਦੀ ਮਹਿਲਾ ਉਦਮੀਆਂ (ਬਿਜਨੈਸ ਵੂਮੈਨ) ਲਈ ਨਵੀਂ ਪਹਿਲ ਕਰਦੇ ਹੋਏ 150 ਮਿਲੀਅਨ ਡਾਲਰ ਵੰਡਣ ਦੀ ਘੋਸ਼ਣਾ ਕੀਤੀ। ਇਵਾਂਕਾ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਕਿਹਾ, 'ਅੱਜ ਅਸੀਂ 2X ਅਮਰੀਕਾ ਲਾਂਚ ਕਰ ਰਹੇ ਹਾਂ, ਜਿਸ ਨਾਲ ਲੈਟਿਨ ਅਮਰੀਕੀ ਔਰਤਾਂ ਨੂੰ ਨੌਕਰੀਆਂ ਦੇ ਨਾਲ-ਨਾਲ ਕਈ ਮੌਕੇ ਪ੍ਰਾਪਤ ਹੋਣਗੇ।
ਦੱਸਣਯੋਗ ਹੈ ਕਿ ਅਮਰੀਕਾ ਦੇ ਅੱਠਵੇਂ ਸੰਮੇਲਨ ਲਈ ਇਵਾਂਕਾ ਲੀਮਾ ਵਿਚ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਕਈ ਹਿੱਸਿਆਂ ਦੀਆਂ ਔਰਤਾਂ ਵਾਂਗ ਲੈਟਿਨ ਅਮਰੀਕਾ ਦੀਆਂ ਔਰਤਾਂ ਨੂੰ ਵੀ ਵਿੱਤੀ ਸੇਵਾਵਾਂ ਤੱਕ ਪਹੁੰਚ ਕਰਨ ਲਈ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 2X ਅਮਰੀਕਾ ਜ਼ਰੀਏ ਲੈਟਿਨ ਅਮਰੀਕਾ ਦੀਆਂ ਔਰਤਾਂ ਨੂੰ ਮਜ਼ਬੂਤ ਬਣਾਇਆ ਜਾਏਗਾ ਅਤੇ ਜਦੋਂ ਔਰਤਾਂ ਸਫਲ ਹੋਣਗੀਆਂ ਤਾਂ ਪਰਿਵਾਰ ਸਫਲ ਹੋਵੇਗਾ, ਭਾਈਚਾਰੇ ਸਫਲ ਹੋਣਗੇ ਅਤੇ ਆਖੀਰਕਾਰ ਦੇਸ਼ ਸਫਲ ਹੋਵੇਗਾ।
ਇਵੈਂਟ ਵਿਚ ਅਮਰੀਕਾ ਦੇ ਕਾਰਜਕਾਰੀ ਗ੍ਰਹਿ ਸਕੱਤਰ ਜੋਨ ਸੁਲਿਵਨ ਵੀ ਸਨ। ਉਨ੍ਹਾਂ ਕਿਹਾ ਹਰ ਇਕ ਦੇਸ਼ ਨੂੰ ਇਹ ਜ਼ਰੂਰ ਯਕੀਨੀ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਅਰਥ-ਵਿਵਸਥਾ ਅਜਿਹੀ ਹੋਵੇ ਤਾਂ ਕਿ ਔਰਤਾਂ ਉਥੇ ਆਰਾਮ ਨਾਲ ਕੰਮ ਕਰ ਸਕਣ। ਅਮਰੀਕਾ ਦੇ ਤੀਜੇ ਸੀ.ਈ.ਓ ਸੰਮੇਲਨ ਦੇ ਭਾਗੀਦਾਰਾਂ ਨਾਲ ਡਿਨਰ ਤੋਂ ਪਹਿਲਾਂ ਇਵਾਂਕਾ ਨੇ ਵੀਰਵਾਰ ਨੂੰ ਲੀਮਾ ਸਟਾਕ ਐਕਸਚੈਂਜ ਅਤੇ ਔਰਤਾਂ ਦੀ ਇਕ ਕੰਪਨੀ ਜੋ ਆਰਗੈਨਿਕ ਭੋਜਨ ਉਤਪਦਾਂ ਨੂੰ ਬਣਾਉਂਦੀ ਹੈ, ਦਾ ਦੌਰਾ ਕੀਤਾ। ਸੰਮੇਲਨ ਵਿਚ ਅਮਰੀਕਾ ਦੀ ਨੁਮਾਇੰਦਗੀ ਉਪ ਰਾਸ਼ਟਰਪਤੀ ਮਾਈਕ ਪੇਂਸ ਕਰਨਗੇ।


Related News