''ਅਸੀਂ ਭਾਰਤ ਦੇ ਸਭ ਤੋਂ ਵੱਡੇ ਭਗੌੜੇ...'' ਮਾਲਿਆ ਦੇ ਜਨਮਦਿਨ ''ਤੇ ਲਲਿਤ ਮੋਦੀ ਦਾ ਵੀਡੀਓ ਹੋ ਰਿਹਾ ਵਾਇਰਲ
Tuesday, Dec 23, 2025 - 09:11 PM (IST)
ਇੰਟਰਨੈਸ਼ਨਲ ਡੈਸਕ - ਲੰਡਨ ਵਿੱਚ ਰਹਿ ਰਹੇ ਭਾਰਤ ਦੇ ਦੋ ਭਗੋੜੇ ਉਦਯੋਗਪਤੀ ਵਿਜੇ ਮਾਲਿਆ ਅਤੇ ਲਲਿਤ ਮੋਦੀ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਮੌਕਾ ਸੀ ਵਿਜੇ ਮਾਲਿਆ ਦੇ ਜਨਮਦਿਨ ਸਮਾਰੋਹ ਦਾ, ਜਿਸ ਵਿੱਚ ਲਲਿਤ ਮੋਦੀ ਵੀ ਸ਼ਾਮਲ ਹੋਇਆ। ਇਸ ਦੌਰਾਨ ਲਲਿਤ ਮੋਦੀ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਗਿਆ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਖੁਦ ਨੂੰ ਅਤੇ ਵਿਜੇ ਮਾਲਿਆ ਨੂੰ “ਭਾਰਤ ਦੇ ਸਭ ਤੋਂ ਵੱਡੇ ਭਗੋੜੇ” ਦੱਸਦਾ ਨਜ਼ਰ ਆ ਰਿਹਾ ਹੈ।
ਵੀਡੀਓ ਵਿੱਚ ਲਲਿਤ ਮੋਦੀ ਕਹਿੰਦਾ ਸੁਣਾਈ ਦਿੰਦਾ ਹੈ, “ਅਸੀਂ ਦੋ ਭਗੋੜੇ ਹਾਂ, ਭਾਰਤ ਦੇ ਸਭ ਤੋਂ ਵੱਡੇ ਭਗੋੜੇ।” ਇਹ ਵੀਡੀਓ ਉਸ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪੋਸਟ ਕੀਤਾ। ਵੀਡੀਓ ਦੇ ਕੈਪਸ਼ਨ ਵਿੱਚ ਲਲਿਤ ਮੋਦੀ ਨੇ ਲਿਖਿਆ, “ਚਲੋ, ਮੈਂ ਕੁਝ ਐਸਾ ਕਰਦਾ ਹਾਂ ਜਿਸ ਨਾਲ ਇੰਟਰਨੈੱਟ ’ਤੇ ਫਿਰ ਹੰਗਾਮਾ ਮਚ ਜਾਵੇ। ਤੁਹਾਡੇ ਲਈ ਕੁਝ ਖਾਸ। ਜਲਨ ਤੋਂ ਆਪਣਾ ਦਿਲ ਬਾਹਰ ਕੱਝ ਲਓ।”
ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਸੋਸ਼ਲ ਮੀਡੀਆ ’ਤੇ ਲੋਕਾਂ ਦੀਆਂ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਯੂਜ਼ਰਾਂ ਨੇ ਕਿਹਾ ਕਿ ਲਲਿਤ ਮੋਦੀ ਅਤੇ ਵਿਜੇ ਮਾਲਿਆ ਭਾਰਤੀ ਕਾਨੂੰਨ ਅਤੇ ਸਰਕਾਰੀ ਏਜੰਸੀਆਂ ਦਾ ਮਜ਼ਾਕ ਉਡਾ ਰਹੇ ਹਨ। ਇੱਕ ਯੂਜ਼ਰ ਨੇ ਟਿੱਪਣੀ ਕੀਤੀ ਕਿ ਇਹ ਭਾਰਤ ਦੀ ਕਾਨੂੰਨੀ ਪ੍ਰਣਾਲੀ ਲਈ ਸ਼ਰਮਨਾਕ ਗੱਲ ਹੈ ਕਿ ਅਜਿਹੇ ਦੋਸ਼ੀ ਖੁੱਲ੍ਹੇਆਮ ਮੌਜਾਂ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਵਿਜੇ ਮਾਲਿਆ ਬੈਂਕਾਂ ਦੇ ਕਰਜ਼ੇ ਨਾ ਚੁਕਾਉਣ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿੱਚ ਮਾਰਚ 2016 ਵਿੱਚ ਭਾਰਤ ਛੱਡ ਕੇ ਭੱਜ ਗਿਆ ਸੀ। 2019 ਵਿੱਚ ਉਸ ਨੂੰ ਅਦਾਲਤ ਵੱਲੋਂ ਭਗੋੜਾ ਆਰਥਿਕ ਅਪਰਾਧੀ ਕਰਾਰ ਦਿੱਤਾ ਗਿਆ ਸੀ। ਉੱਧਰ, ਲਲਿਤ ਮੋਦੀ 2010 ਵਿੱਚ ਟੈਕਸ ਚੋਰੀ, ਮਨੀ ਲਾਂਡਰਿੰਗ ਅਤੇ ਆਈਪੀਐਲ ਨਾਲ ਜੁੜੀਆਂ ਬੇਨਿਯਮਤਾਵਾਂ ਦੇ ਦੋਸ਼ਾਂ ਤੋਂ ਬਾਅਦ ਭਾਰਤ ਛੱਡ ਕੇ ਚਲਾ ਗਿਆ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਅਨੁਸਾਰ, ਉਸ ’ਤੇ ਲਗਭਗ 125 ਕਰੋੜ ਰੁਪਏ ਤੋਂ ਵੱਧ ਦੀ ਰਿਸ਼ਵਤ ਲੈਣ ਦੇ ਗੰਭੀਰ ਦੋਸ਼ ਹਨ। ਵਾਇਰਲ ਵੀਡੀਓ ਨੇ ਇਕ ਵਾਰ ਫਿਰ ਭਗੋੜੇ ਅਪਰਾਧੀਆਂ ਦੀ ਵਾਪਸੀ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਹਨ।
