ਪਾਕਿ 'ਚ ਸਿੱਖ ਭਾਈਚਾਰੇ ਦੀ ਵੱਡੀ ਪਹਿਲ, ਗੁਰਬਾਣੀ ਸਿਖਾਉਣ ਵਾਲੇ ਪਹਿਲੇ ਧਾਰਮਿਕ ਸਕੂਲ ਦੀ ਰੱਖੀ ਨੀਂਹ
Monday, Jun 06, 2022 - 12:21 PM (IST)
ਇਸਲਾਮਾਬਾਦ (ਬਿਊਰੋ) ਪਾਕਿਸਤਾਨ ਵਿਚ ਸਿੱਖ ਬੱਚੇ ਹੁਣ ਆਪਣੇ ਧਰਮ ਦੀ ਸਿੱਖਿਆ ਪ੍ਰਾਪਤ ਕਰ ਸਕਣਗੇ। ਇੱਥੋਂ ਦੀ ਸਿੱਖ ਸੰਗਤ ਨੇ ਪਾਕਿਸਤਾਨ ਦਾ ਪਹਿਲਾ ਧਾਰਮਿਕ ਸਕੂਲ ਬਣਵਾਉਣ ਲਈ ਸ਼ਨੀਵਾਰ ਨੂੰ ਨੀਂਹ ਪੱਥਰ ਰੱਖਿਆ। ਇਹ ਸਕੂਲ ਢੋਕ ਮਸਕੀਨ ਖੇਤਰ ਵਿਚ ਗੁਰਦੁਆਰਾ ਪੰਜਾ ਸਾਹਿਬ ਨੇੜੇ 10 ਮਰਲੇ ਵਿਚ ਤਿਆਰ ਹੋਵੇਗਾ। ਇਹ ਪਾਕਿਸਤਾਨ ਵਿਚ ਗੁਰਮੁਖੀ ਦਾ ਤੀਜਾ ਅਤੇ ਧਾਰਮਿਕ ਸਿੱਖਿਆ ਦਾ ਪਹਿਲਾ ਵੱਡਾ ਸਕੂਲ ਹੋਵੇਗਾ। ਸਕੂਲ ਵਿਚ 200 ਬੱਚ ਪੜ੍ਹਨਗੇ। ਇਹ ਆਪਣੇ ਆਪ ਵਿਚ ਪਹਿਲਾ ਅਜਿਹਾ ਸਕੂਲ ਹੋਵੇਗਾ, ਜੋ ਸਰਕਾਰੀ ਗ੍ਰਾਂਟ ਦੀ ਮਦਦ ਦੇ ਬਿਨਾਂ ਤਿਆਰ ਹੋਵੇਗਾ। ਸਕੂਲ ਵਿਚ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇ ਨਾਲ-ਨਾਲ ਪਾਠ ਅਤੇ ਕੀਰਤਨ ਦੀ ਸਿੱਖਿਆ ਵੀ ਮਿਲੇਗੀ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਹੈਵਾਨੀਅਤ ਦੀਆਂ ਹੱਦਾਂ ਪਾਰ, ਗਰਭਵਤੀ ਔਰਤ ਨਾਲ ਸਮੂਹਿਕ ਜਬਰ-ਜ਼ਿਨਾਹ
ਸਕੂਲ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਤਵੰਤ ਸਿੰਘ ਦੇ ਭਰਾ ਸੰਤੋਖ ਸਿੰਘ ਤਿਆਰ ਕਰਵਾ ਰਹੇ ਹਨ। ਸਕੂਲ ਵਿਚ ਬੱਚਿਆਂ ਦੀ ਸਿੱਖਿਆ, ਵਰਦੀਆਂ ਅਤੇ ਕਿਤਾਬਾਂ ਮੁਫ਼ਤ ਮਿਲਣਗੀਆਂ। ਸਕੂਲ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਰੱਖਿਆ ਜਾਵੇਗਾ। ਭਾਈ ਸੰਤੋਖ ਸਿੰਘ ਨੇ ਸਮਾਚਾਰ ਏਜੰਸੀ ਨਾਲ ਗੱਲਬਾਤ ਵਿਚ ਦੱਸਿਆ ਕਿ ਪਾਕਿਸਤਾਨ ਵਿਚ 20 ਹਜ਼ਾਰ ਦੇ ਕਰੀਬ ਸਿੱਖ ਪਰਿਵਾਰ ਹਨ ਪਰ ਉਹਨਾਂ ਲਈ ਗੁਰਮੁਖੀ ਅਤੇ ਧਾਰਮਿਕ ਸਿੱਖਿਆ ਦਾ ਕੋਈ ਸਕੂਲ ਨਹੀਂ ਸੀ। ਪੇਸ਼ਾਵਰ ਅਤੇ ਨਨਕਾਣਾ ਸਾਹਿਬ ਵਿਚ ਜਿਹੜੇ 2 ਸਕੂਲ ਹਨ ਉਹ ਗੁਰਮੁਖੀ ਦੇ ਹੀ ਹਨ। ਉੱਥੇ ਸਿਰਫ ਗੁਰਮੁਖੀ ਸਿਖਾਈ ਜਾਂਦੀ ਹੈ। ਇਸ ਸਕੂਲ ਵਿਚ ਬੱਚਿਆਂ ਨੂੰ ਗੁਰਮੁਖੀ ਦੇ ਇਲਾਵਾ ਜਪੁਜੀ ਸਾਹਿਬ, ਸੁਖਮਣੀ ਸਾਹਿਬ ਆਦਿ ਦੇ ਪਾਠਾਂ ਦੀ ਸਿੱਖਿਆ ਦਿੱਤੀ ਜਾਵੇਗੀ। ਬੱਚੇ ਰਾਗਾਂ ਵਿਚ ਕੀਰਤਨ ਵੀ ਕਰ ਸਕਣਗੇ। ਸਕੂਲ ਵਿਚ ਸਟਾਫ ਵੀ ਧਾਰਮਿਕ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।