ਲਾਹੌਰ ਹਾਈ ਕੋਰਟ ਨੇ ਮੌਤ ਦੀ ਸਜ਼ਾ ਦੇ ਖਿਲਾਫ ਮੁਸ਼ੱਰਫ ਦੀ ਪਟੀਸ਼ਨ ਕੀਤੀ ਵਾਪਸ

Saturday, Dec 28, 2019 - 04:31 PM (IST)

ਲਾਹੌਰ ਹਾਈ ਕੋਰਟ ਨੇ ਮੌਤ ਦੀ ਸਜ਼ਾ ਦੇ ਖਿਲਾਫ ਮੁਸ਼ੱਰਫ ਦੀ ਪਟੀਸ਼ਨ ਕੀਤੀ ਵਾਪਸ

ਇਸਲਾਮਾਬਾਦ- ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੀ ਉਸ ਅਰਜ਼ੀ ਨੂੰ ਵਾਪਸ ਕਰ ਦਿੱਤਾ ਹੈ, ਜਿਸ ਵਿਚ ਉਹਨਾਂ ਨੇ ਦੇਸ਼ ਧਰੋਹ ਦੇ ਮਾਮਲੇ ਵਿਚ ਇਕ ਵਿਸ਼ੇਸ਼ ਅਦਾਲਤ ਵਲੋਂ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਸੀ।

ਲਾਹੌਰ ਹਾਈ ਕੋਰਟ ਦੇ ਰਜਿਸਟਰਾਰ ਦਫਟਰ ਨੇ ਛੁੱਟੀਆਂ ਦੇ ਚੱਲਦੇ ਬੈਂਚ ਮੌਜੂਦ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਪਟੀਸ਼ਨ ਵਾਪਸ ਕਰ ਦਿੱਤੀ ਹੈ। ਵਕੀਲ ਅਜ਼ਹਰ ਸਿੱਦੀਕੀ ਦੇ ਰਾਹੀਂ ਸ਼ੁੱਕਰਵਾਰ ਨੂੰ ਦਾਇਰ ਇਸ ਪਟੀਸ਼ਨ ਵਿਚ ਪਾਕਿਸਤਾਨ ਦੀ ਫੈਡਰਲ ਸਰਕਾਰ ਤੇ ਹੋਰਾਂ ਨੂੰ ਜਵਾਹਦੇਹੀ ਪੱਖ ਬਣਾਇਆ ਗਿਆ ਸੀ। ਇਸ 86 ਪੇਜਾਂ ਦੀ ਪਟੀਸ਼ਨ ਵਿਚ ਮੁਸ਼ੱਰਫ ਨੇ ਖੁਦ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਰੱਦ ਕਰਨ ਦੇ ਲਈ ਅਦਾਲਤ ਦੀ ਪੂਰਨ ਬੈਂਚ ਦੇ ਗਠਨ ਦੀ ਮੰਗ ਕੀਤੀ ਸੀ। ਵਿਸ਼ੇਸ਼ ਅਦਾਲਤ ਨੇ ਦੇਸ਼ ਧਰੋਹ ਦੇ ਮਾਮਲੇ ਵਿਚ 17 ਦਸੰਬਰ ਨੂੰ ਮੁਸ਼ੱਰਫ ਨੂੰ ਉਹਨਾਂ ਦੀ ਗੈਰ-ਮੌਜੂਦਗੀ ਵਿਚ ਮੌਤ ਦੀ ਸਜ਼ਾ ਸੁਣਾਈ ਸੀ।

ਡਾਨ ਦੇ ਮੁਤਾਬਕ ਅਦਾਲਤ ਦੇ ਰਜਿਸਟਰਾਰ ਨੇ ਪਟੀਸ਼ਨ ਨੂੰ ਇਸ ਟਿੱਪਣੀ ਦੇ ਨਾਲ ਵਾਪਿਸ ਕਰ ਦਿੱਤਾ ਕਿ ਠੰਡ ਦੀਆਂ ਛੁੱਟੀਆਂ ਦੇ ਕਾਰਨ ਪੂਰਨ ਬੈਂਚ ਮੌਜੂਦ ਨਹੀਂ ਹੈ। ਲਾਹੌਰ ਹਾਈ ਕੋਰਟ ਵਲੋਂ ਗਠਿਤ ਤਿੰਨ ਮੈਂਬਰੀ ਬੈਂਚ ਮੁਸ਼ੱਰਫ ਦੀ ਮੁੱਖ ਪਟੀਸ਼ਨ 'ਤੇ 9 ਜਨਵਰੀ ਨੂੰ ਸੁਣਵਾਈ ਕਰੇਗੀ, ਜਿਸ ਵਿਚ ਉਹਨਾਂ ਨੇ ਆਪਣੇ ਦੇਸ਼ ਧਰੋਹ ਦੀ ਸ਼ਿਕਾਇਤ ਤੋਂ ਲੈ ਕੇ ਅਖੀਰ ਤੱਕ ਸਾਰੀਆਂ ਕਾਰਵਾਈਆਂ ਨੂੰ ਚੁਣੌਤੀ ਦਿੱਤੀ ਹੈ। ਮੁਸ਼ੱਰਫ ਦੇ ਵਕੀਲ ਸਿੱਦਿਕੀ ਨੇ ਦੱਸਿਆ ਕਿ ਵਿਸ਼ੇਸ਼ ਅਦਾਲਤ ਦੇ ਫੈਸਲੇ ਦੇ ਖਿਲਾਫ ਪਟੀਸ਼ਨ ਨੂੰ ਵਾਪਸ ਕਰਦੇ ਹੋਏ ਰਜਿਸਟਰਾਰ ਨੇ ਪਟੀਸ਼ਨਕਰਤਾ ਨੂੰ ਜਨਵਰੀ ਦੇ ਪਹਿਲੇ ਹਫਤੇ ਸਬੰਧਿਤ ਪਟੀਸ਼ਨ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।


author

Baljit Singh

Content Editor

Related News