ਲਾਹੌਰ ਦੀ ਸੈਸ਼ਨ ਅਦਾਲਤ ''ਚ 2 ਵਕੀਲਾਂ ਦੀ ਗੋਲੀ ਮਾਰ ਕੇ ਹੱਤਿਆ

02/20/2018 4:37:36 PM

ਲਾਹੌਰ(ਭਾਸ਼ਾ)— ਜਾਇਦਾਦ ਵਿਵਾਦ ਦੇ ਮੁੱਦੇ 'ਤੇ ਇਕ ਪਾਕਿਸਤਾਨੀ ਵਕੀਲ ਨੇ ਲਾਹੌਰ ਦੀ ਸੈਸ਼ਨ ਅਦਾਲਤ ਵਿਚ ਅੱਜ ਆਪਣੇ ਰਿਸ਼ਤੇਦਾਰੀ ਵਿਚ ਲੱਗਦੇ 2 ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦੱਸਣਯੋਗ ਹੈ ਕਿ ਇਕ ਮਹੀਨੇ ਅੰਦਰ ਅਦਾਲਤ ਕੰਪਲੈਕਸ ਵਿਚ ਇਹ ਗੋਲੀਬਾਰੀ ਦੀ ਦੂਜੀ ਘਟਨਾ ਹੈ। ਲਾਹੌਰ ਦੇ ਸੀਨੀਅਰ ਪੁਲਸ ਅਧਿਕਾਰੀ (ਐਸ. ਐਸ. ਪੀ) ਮੁਬਾਸ਼ਿਰ ਮਾਕਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤਿੰਨੋਂ ਵਕੀਲ ਭਰਾ- ਕਾਸ਼ਿਫ, ਨਦੀਮ ਅਤੇ ਅਵੈਸ- ਇਕ ਜਾਇਦਾਦ ਵਿਵਾਦ ਵਿਚ ਸੈਸ਼ਨ ਅਦਾਲਤ ਵਿਚ ਜੱਜ ਸਾਹਮਣੇ ਪੇਸ਼ ਹੋਏ ਸਨ। ਮਾਕਨ ਨੇ ਕਿਹਾ, 'ਸੁਣਵਾਈ ਤੋਂ ਬਾਅਦ ਉਨ੍ਹਾਂ ਨੇ ਕਠੋਰ ਸ਼ਬਦਾਂ ਦਾ ਇਸਤੇਮਾਲ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਵਿਚਕਾਰ ਹੱਥੋਪਾਈ ਹੋ ਗਈ। ਪੁਲਸ ਦੇ ਦਖਲ ਤੋਂ ਪਹਿਲਾਂ ਹੀ ਕਾਸ਼ਿਫ ਨੇ ਪਿਸਤੌਲ ਕੱਢ ਲਈ ਅਤੇ ਨਦੀਮ (35) ਅਤੇ ਅਵੈਸ (26) 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਦੋਵੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।'
ਐਸ. ਐਸ. ਪੀ ਨੇ ਦੱਸਿਆ ਕਿ ਸ਼ਾਹਦਰਾ ਇਲਾਕੇ ਵਿਚ ਇਨ੍ਹਾਂ ਵਕੀਲ ਭਰਾਵਾਂ ਵਿਚਕਾਰ ਜਾਇਦਾਦ ਵਿਵਾਦ ਸੀ। ਪਿਛਲੇ ਲੱਗਭਗ 1 ਸਾਲ ਤੋਂ ਮੁਕੱਦਮਾ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਪੁਲਸ ਜਾਂਚ ਕਰ ਰਹੀ ਹੈ, ਕਿ ਸ਼ੱਕੀ ਅਦਾਲਤ ਵਿਚ ਹਥਿਆਰ ਲੈ ਕੇ ਕਿਵੇਂ ਦਾਖਲ ਹੋਇਆ। ਲਾਹੌਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਲਿਕ ਅਰਸ਼ਦ ਨੇ ਘਟਨਾ ਦੀ ਨਿੰਦਾ ਕੀਤੀ ਅਤੇ ਅਦਾਲਤਾਂ ਵਿਚ ਸਖਤ ਸੁਰੱਖਿਆ ਦੀ ਮੰਗ ਕੀਤੀ।


Related News