ਸਕਾਟਲੈਂਡ ਦਾ ਫਸਟ ਮਿਨਿਸਟਰ ਬਣ ਕੇ ਬਦਲਾਂਗਾ ਲੇਬਰ ਪਾਰਟੀ ਦੀ ਨੁਹਾਰ : ਅਨਸ ਸਰਵਰ
Wednesday, Jan 20, 2021 - 02:57 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਲੇਬਰ ਪਾਰਟੀ ਦੇ ਉੱਭਰ ਰਹੇ ਨੇਤਾ ਅਨਸ ਸਰਵਰ ਨੇ ਕਿਹਾ ਕਿ ਜੇਕਰ ਉਹ ਲੇਬਰ ਲੀਡਰਸ਼ਿਪ ਮੁਕਾਬਲਾ ਜਿੱਤਦੇ ਹਨ ਤਾਂ 5 ਸਾਲਾ ਵਿਚ ਫਸਟ ਮਨਿਸਟਰ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਮੁਸਲਮਾਨ ਕਿਸੇ ਰਾਜਨੀਤਿਕ ਪਾਰਟੀ ਦਾ ਨੇਤਾ ਬਣ ਜਾਂਦਾ ਹੈ ਤਾਂ ਇਹ ਸਕਾਟਲੈਂਡ ਲਈ ਬਹੁਤ ਵੱਡਾ ਪਲ ਹੋਵੇਗਾ।
ਸਕਾਟਲੈਂਡ ਵਿਚ ਰਿਚਰਡ ਲਿਓਨਾਰਡ ਦੇ ਅਸਤੀਫ਼ਾ ਦੇਣ ਤੋਂ ਬਾਅਦ ਸਰਵਰ ਚੋਣਾਂ ਵਿਚ ਸਿਹਤ ਵਿਭਾਗ ਦੀ ਬੁਲਾਰੀ ਮੋਨਿਕਾ ਲੈਨਨ ਦਾ ਸਾਹਮਣਾ ਕਰਨਗੇ। 37 ਸਾਲਾ ਸਰਵਰ ਉੱਚ ਪੱਧਰ ਦਾ ਰਾਜਨੀਤਕ ਤਜ਼ਰਬਾ ਰੱਖਦੇ ਹਨ ਜਦਕਿ ਉਹ 2015 ਵਿਚ ਵੈਸਟਮਿੰਸਟਰ ਤੋਂ ਆਪਣੀ ਸੀਟ ਗੁਆ ਬੈਠੇ ਸਨ ਅਤੇ 2017 ਵਿਚ ਸਕਾਟਿਸ਼ ਲੀਡਰਸ਼ਿਪ ਲਿਓਨਾਰਡ ਤੋਂ ਹਾਰ ਗਏ ਸਨ।
ਜੇ ਸਰਵਰ ਚੁਣੇ ਜਾਂਦੇ ਹਨ ਤਾਂ ਉਹ ਰਾਜਨੀਤਿਕ ਪਾਰਟੀ ਦੀ ਅਗਵਾਈ ਕਰਨ ਵਾਲੇ ਗੈਰ-ਗੋਰੇ ਅਤੇ ਘੱਟ ਗਿਣਤੀ (ਬੀ. ਏ. ਐੱਮ. ਈ.) ਦੇ ਪਿਛੋਕੜ ਵਾਲੇ ਪਹਿਲੇ ਐੱਮ. ਐੱਸ. ਪੀ. ਬਣ ਜਾਣਗੇ। ਹੋਲੀਰੂਡ ਵਿਚ ਲੇਬਰ ਪਾਰਟੀ ਦੇ ਤੀਜੇ ਸਥਾਨ 'ਤੇ ਹੋਣ ਨਾਲ ਚੋਣਾਂ ਵਿਚ ਹਿੱਸਾ ਲੈਣ ਕਰ ਕੇ ਸਰਵਰ ਮਈ ਵਿੱਚ ਆਪਣੀ ਪਾਰਟੀ ਦੀਆਂ ਸੰਭਾਵਨਾਵਾਂ ਬਾਰੇ ਆਸਵੰਦ ਹੈ। ਸਕਾਟਲੈਂਡ ਵਿਚ ਰਾਜਨੀਤੀ ਦੇ ਪਿੜ 'ਚ ਵਾਪਸ ਆਉਂਦਿਆਂ ਸਰਵਰ ਸਕਾਟਿਸ਼ ਲੇਬਰ ਪਾਰਟੀ ਜੋ ਆਪਣਾ ਮੁਕਾਮ ਗੁਆ ਚੁੱਕੀ ਹੈ, ਨੂੰ ਸਹੀ ਮਾਰਗਦਰਸ਼ਨ ਦੇ ਕੇ ਆਪਣੀ ਪਾਰਟੀ ਦੀ ਕਿਸਮਤ ਨੂੰ ਬਹਾਲ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਅਨਸ ਸਰਵਰ ਗਲਾਸਗੋ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪਾਕਿਸਤਾਨੀ ਪੰਜਾਬ ਦੇ ਮੌਜੂਦਾ ਗਵਰਨਰ ਚੌਧਰੀ ਮੁਹੰਮਦ ਸਰਵਰ ਦੇ ਪੁੱਤਰ ਹਨ।