ਜਾਣੋਂ ਕਿਉਂ ਇੰਨਾ ਖਤਰਨਾਕ ਹੈ ਕੋਰੋਨਾਵਾਇਰਸ ਜਿਸ ਕਾਰਨ ਹੋ ਰਹੀਆਂ ਵਧੇਰੇ ਮੌਤਾਂ

Wednesday, Mar 18, 2020 - 08:50 PM (IST)

ਬਰਲਿਨ (ਏਜੰਸੀ)- ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ 8 ਹਜ਼ਾਰ ਦੇ ਕਰੀਬ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਜਦੋਂ ਕਿ 2 ਲੱਖ ਦੇ ਕਰੀਬ ਲੋਕ ਇਸ ਵਾਇਰਸ ਨਾਲ ਪੀੜਤ ਹਨ। ਅਜਿਹੇ ਵਿਚ ਮਨ ਵਿਚ ਕਈ ਤਰ੍ਹਾਂ ਦੇ ਸਵਾਲ ਆਉਂਦੇ ਹਨ ਕੀ ਅਜਿਹਾ ਇਸ ਵਾਇਰਸ ਵਿਚ ਕੀ ਹੈ, ਜਿਸ ਨਾਲ ਇੰਨੀ ਵੱਡੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ। ਇਸ ਤਰ੍ਹਾਂ ਦੀਆਂ ਮੌਤਾਂ ਨੂੰ ਧਿਆਨ ਵਿਚ ਰੱਖ ਕੇ ਹਾਲ ਹੀ ਵਿਚ ਲਾਂਸੇਟ ਮੈਗਜ਼ੀਨ ਵਿਚ ਇਕ ਸਟੱਡੀ ਛੱਪੀ ਹੈ ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਹਰ ਸਾਲ ਪੂਰੀ ਦੁਨੀਆ ਵਿਚ ਹੋਣ ਵਾਲੀਆਂ ਮੌਤਾਂ ਵਿਚੋਂ ਇਕ ਚੌਥਾਈ ਦਾ ਕਾਰਣ ਸੈਪਸਿਸ ਹੁੰਦਾ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਵਾਇਰਸ ਦੇ ਚੱਲਦੇ ਵਿਅਕਤੀ ਦੇ ਸਰੀਰ ਦਾ ਇਮਿਊਨ ਸਿਸਟਮ ਇੰਨਾ ਜ਼ਿਆਦਾ ਸਰਗਰਮ ਹੋ ਜਾਵੇ ਕਿ ਉਸ ਦੇ ਕਾਰਣ ਅੰਗ ਸਹੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਈਏ ਤਾਂ ਅਜਿਹੀ ਜਾਨਲੇਵਾ ਸਥਿਤੀ ਨੂੰ ਸੈਪਸਿਸ ਕਹਿੰਦੇ ਹਨ। ਅਜਿਹੀ ਖਤਰਨਾਕ ਪ੍ਰਤੀਕਿਰਿਆ ਦੇ ਕਾਰਣ ਸਰੀਰ ਅੰਦਰਲੇ ਟਿਸ਼ੂ ਖਤਮ ਹੋ ਸਕਦੇ ਹਨ।

ਡੀਐਚਵਿਲੇ ਵੈਬਸਾਈਟ ਦੀ ਰਿਪੋਰਟ ਮੁਤਾਬਕ ਹਾਲ ਹੀ ਵਿਚ ਲਾਂਸੇਟ ਮੈਗਜ਼ੀਨ ਵਿਚ ਇਕ ਸਟੱਡੀ ਤੋਂ ਇਹ ਪਤਾ ਲੱਗਦਾ ਹੈ ਕਿ ਹਰ ਸਾਲ ਦੁਨੀਆ ਭਰ ਵਿਚ ਹੋਣ ਵਾਲੀਆਂ ਮੌਤਾਂ ਵਿਚੋਂ ਇਕ ਚੌਥਾਈ ਦਾ ਕਾਰਣ ਸੈਪਸਿਸ ਹੀ ਹੁੰਦਾ ਹੈ। 2015 ਦੀ ਰਿਪੋਰਟ ਦੇਖੀਏ ਤਾਂ ਇਕੱਲੇ ਸਿਰਫ ਜਰਮਨੀ ਵਿਚ ਹੀ ਹਸਪਤਾਲਾਂ ਵਿਚ ਮਰਨ ਵਾਲੇ ਤਕਰੀਬਨ 15 ਫੀਸਦੀ ਲੋਕਾਂ ਦੀ ਮੌਤ ਦਾ ਕਾਰਣ ਸੈਪਸਿਸ ਦਰਜ ਕੀਤਾ ਗਿਆ ਜੋ ਕਿ ਹਰ ਤਰ੍ਹਾਂ ਦੇ ਖਤਰਨਾਕ ਕੈਂਸਰ ਦੇ ਕਾਰਣ ਹੋਣ ਵਾਲੀਆਂ ਮੌਤਾਂ ਤੋਂ ਵੀ ਜ਼ਿਆਦਾ ਹੈ। ਸਾਈਟ ਦੀ ਖਬਰ ਮੁਤਾਬਕ ਜਰਮਨ ਸੈਪਸਿਸ ਫਾਉਂਡੇਸ਼ਨ ਦੀ ਸਲਾਹ ਹੈ ਕਿ ਲੋਕਾਂ ਨੂੰ ਇੰਫਲੁਏਂਜ਼ਾ ਵਾਇਰਸ ਅਤੇ ਨਿਊਮੋਕੋਕਸ ਦੇ ਖਿਲਾਫ ਟੀਚਾ ਲਗਵਾਉਣਾ ਚਾਹੀਦਾ ਹੈ। ਕਮਜ਼ੋਰ ਇਮਿਊਨ ਸਿਸਟਮ ਵਾਲੇ ਨਵੇਂ ਜਨਮੇ ਬੱਚਿਆਂ ਅਤੇ ਡਾਇਬਟੀਜ਼, ਕੈਂਸਰ, ਏਡਜ਼ ਤੇ ਦੂਜੀਆਂ ਗੰਭੀਰ ਬੀਮਾਰੀਆਂ ਨਾਲ ਪੀੜਤ ਬਜ਼ੁਰਗਾਂ ਨੂੰ ਤਾਂ ਇਸ ਦਾ ਖਾਸ ਖਤਰਾ ਹੁੰਦਾ ਹੈ।

ਕੀ ਹੁੰਦੇ ਨੇ ਸੈਪਸਿਸ ਦੇ ਲੱਛਣ
ਡਾਕਟਰਾਂ ਦਾ ਆਖਣਾ ਹੈ ਕਿ ਵਾਇਰਸ, ਬੈਕਟੀਰੀਆ, ਫੰਗਸ ਜਾਂ ਪਰਜੀਵੀ ਵਰਗੇ ਹਰ ਤਰ੍ਹਾਂ ਦੇ ਜਰਮਸ ਦੇ ਕਾਰਣ ਸੈਪਸਿਸ ਦੀ ਸ਼ੁਰੂਆਤ ਹੁੰਦੀ ਹੈ। ਨਿਮੋਨੀਆ, ਕਿਸੇ ਜ਼ਖਮ ਵਿਚ ਇਨਫੈਕਸ਼ਨ, ਮੂਤਰਨਲੀ ਦੇ ਇਨਫੈਕਸ਼ਨ ਜਾਂ ਪੇਟ ਦੇ ਇਨਫੈਕਸ਼ਨ ਕਈ ਵਾਰ ਸੈਪਸਿਸ ਦਾ ਕਾਰਣ ਬਣਦੇ ਹਨ। ਕਈ ਆਮ ਮੌਸਮੀ ਇੰਫਲੂਏਂਜ਼ਾ ਵਾਇਰਸਾਂ ਤੋਂ ਇਲਾਵਾ ਦੂਜੇ ਤੇਜ਼ੀ ਨਾਲ ਫੈਲਣ ਵਾਲੇ ਵਾਇਰਸਾਂ ਦੇ ਕਾਰਣ ਵੀ ਅਜਿਹਾ ਹੁੰਦਾ ਹੈ। ਜਿਵੇਂ ਅੱਜਕਲ ਕੋਰੋਨਾ ਵਾਇਰਸ ਫੈਲ ਰਿਹਾ ਹੈ।

ਇਨਫੈਕਸ਼ਨ ਦੇ ਆਮ ਲੱਛਣਾਂ ਤੋਂ ਇਲਾਵਾ ਜੋ ਖਾਸ ਲੱਛਣ ਸੈਪਸਿਸ ਵੱਲ ਇਸ਼ਾਰਾ ਕਰਦੇ ਹਨ ਉਹ ਬਲੱਡ ਪ੍ਰੈਸ਼ਰ ਵਿਚ ਅਚਾਨਕ ਗਿਰਾਵਟ ਆਉਣਾ ਅਤੇ ਉਸੇ ਦੇ ਨਾਲ ਦਿੱਲ ਦੀ ਧੜਕਣ ਤੇਜ਼ੀ ਨਾਲ ਉਪਰ ਜਾਣਾ, ਨਾਲ ਹੀ ਬੁਖਾਰ, ਭਾਰੀ ਅਤੇ ਤੇਜ਼-ਤੇਜ਼ ਸਾਹ ਚੱਲਣਾ ਅਤੇ ਬਹੁਤ ਬੀਮਾਰ ਮਹਿਸੂਸ ਕਰਨਾ ਸੈਪਸਿਸ ਦੇ ਲੱਛਣ ਹੁੰਦੇ ਹਨ। ਇਸ ਤੋਂ ਬਾਅਦ ਅਗਲਾ ਹੋਰ ਗੰਭੀਰ ਪੜਾਅ ਹੁੰਦਾ ਹੈ ਸੈਪਟਿਕ ਸ਼ੋਕ, ਜਿਸ ਵਿਚ ਬਲੱਡ ਪ੍ਰੈਸ਼ਰ ਖਤਰਨਾਕ ਪੱਧਰ ਤੱਕ ਡਿੱਗ ਜਾਂਦਾ ਹੈ, ਅਜਿਹੀ ਸਥਿਤੀ ਪੈਦਾ ਹੋਣ 'ਤੇ ਐਮਰਜੈਂਸੀ ਸੇਵਾ ਦੀ ਮਦਦ ਲੈਣੀ ਚਾਹੀਦੀ ਹੈ ਪਰ ਲੋਕ ਅਜਿਹਾ ਵੀ ਨਹੀਂ ਕਰ ਪਾ ਰਹੇ ਹਨ ਜਿਸ ਨਾਲ ਮੌਤਾਂ ਹੋ ਰਹੀਆਂ ਹਨ।

ਸੈਪਸਿਸ ਦਾ ਇਲਾਜ
ਹਸਪਾਤਾਲਾਂ ਵਿਚ ਸੈਪਸਿਸ ਦੇ ਕਾਫੀ ਮਾਮਲੇ ਸਾਹਮਣੇ ਆਉਂਦੇ ਹਨ ਪਰ ਅਕਸਰ ਇਨ੍ਹਾਂ ਦਾ ਪਤਾ ਕਾਫੀ ਦੇਰ ਬਾਅਦ ਚੱਲਦਾ ਹੈ। ਪਤਾ ਚੱਲਦੇ ਹੀ ਤੁਰੰਤ ਇਸ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਖੂਨ ਦੀ ਜਾਂਚ ਕੀਤੀ ਜਾਂਦੀ ਹੈ। ਟੀਬਾਇਓਟਿਕ ਦਵਾਈ ਦਿੱਤੀ ਜਾਂਦੀ ਹੈ ਅਤੇ ਖੂਨ ਦਾ ਪ੍ਰਵਾਹ ਅਤੇ ਵੈਂਟੀਲੇਸ਼ਨ ਬਣਾਈ ਰੱਖਣ 'ਤੇ ਵੀ ਧਿਆਨ ਦਿੱਤਾ ਜਾਂਦਾ ਹੈ। ਕਈ ਵਾਰ ਤਾਂ ਸਾਵਧਾਨੀ ਦੇ ਤੌਰ 'ਤੇ ਸੈਪਸਿਸ ਦੇ ਮਰੀਜ਼ਾਂ ਨੂੰ ਆਰਟੀਫੀਸ਼ੀਅਲ ਕੋਮਾ ਵਿਚ ਪਾ ਦਿੱਤਾ ਜਾਂਦਾ ਹੈ। ਇਸ ਦੌਰਾਨ ਹੋਰ ਯੰਤਰਾਂ ਰਾਹੀਂ ਮਰੀਜ਼ ਦੇ ਅੰਗਾਂ ਨੂੰ ਬਚਾ ਕੇ ਰੱਖਣ ਦੀ ਵਿਵਸਥਾ ਕੀਤੀ ਜਾਂਦੀ ਹੈ।

ਹਰ ਸਾਲ 24 ਅਰਬ ਡਾਲਰ ਹੋ ਰਹੇ ਖਰਚ 
ਇਸ ਤਰ੍ਹਾਂ ਦੀ ਡੂੰਘੀ ਡਾਕਟਰੀ ਨਾ ਸਿਰਫ ਬਹੁਤ ਮੁਸ਼ਕਲ ਹੈ ਸਗੋਂ ਬਹੁਤ ਜ਼ਿਆਦਾ ਮਹਿੰਗੀ ਵੀ ਹੁੰਦੀ ਹੈ ਸਿਰਫ ਅਮਰੀਕੀ ਹਸਪਤਾਲਾਂ ਵਿਚ ਹੀ ਹਰ ਸਾਲ ਇਸ 'ਤੇ 24 ਅਰਬ ਡਾਲਰ ਖਰਚ ਹੁੰਦੇ ਹਨ ਪਰ ਸੱਚ ਤਾਂ ਇਹ ਹੈ ਕਿ ਹਸਪਤਾਲਾਂ ਵਿਚ ਸੀਮਤ ਬੈਡ ਹੋਣ ਕਾਰਨ ਸਿਰਫ ਗਿਣੇ ਚੁਣੇ ਮਰੀਜ਼ਾਂ ਨੂੰ ਹੀ ਆਈ.ਸੀ.ਯੂ. ਦੀ ਸਹੂਲਤ ਦਿੱਤੀ ਜਾ ਸਕਦੀ ਹੈ। ਅਜਿਹੇ ਵਿਚ ਕੋਰੋਨਾ ਵਾਇਰਸ ਵਰਗੇ ਇਨਫੈਕਸ਼ਨ ਦੇ ਕਾਰਣ ਜਿਨ੍ਹਾਂ ਮਰੀਜ਼ਾਂ ਨੂੰ ਸਾਹ ਦੀ ਗੰਭੀਰ ਸਮੱਸਿਆ ਅਤੇ ਸੈਪਸਿਸ ਦੀ ਸੰਭਾਵਨਾ ਬਣਦੀ ਦਿਖੇ, ਉਨ੍ਹਾਂ ਨੂੰ ਹੀ ਪਹਿਲਾਂ ਆਈ.ਸੀ.ਯੂ. ਵਿਚ ਰੱਖਿਆ ਜਾਂਦਾ ਹੈ, ਇਹੀ ਕਾਰਣ ਹੈ ਕਿ ਮੌਜੂਦਾ ਸਿਸਟਮ ਵਿਚ ਕੋਰੋਨਾ ਦੇ ਹਰ ਮਰੀਜ਼ ਨੂੰ ਆਈ.ਸੀ.ਯੂ. ਦੀ ਸਹੂਲਤ ਨਹੀਂ ਦਿੱਤੀ ਜਾ ਸਕਦੀ ਹੈ ਇਸ ਲਈ ਵਾਇਰਸ ਨੂੰ ਰੋਕਣਾ ਹੀ ਜ਼ਿਆਦਾ ਤੋਂ ਜ਼ਿਆਦਾ ਜਾਨਾਂ ਬਚਾਉਣ ਦਾ ਸਭ ਤੋਂ ਕਾਰਗਰ ਉਪਾਅ ਹੈ।

ਇਕ ਰਾਹਤ ਦੇਣ ਵਾਲੀ ਗੱਲ ਹੈ ਕਿ ਤਕਰੀਬਨ ਅੱਧੇ ਮਰੀਜ਼ਾਂ ਵਿਚ ਸੈਪਸਿਸ ਤੋਂ ਬਾਅਦ ਅੱਗੇ ਚੱਲ ਕੇ ਕੋਈ ਗੰਭੀਰ ਅਸਰ ਨਹੀਂ ਦਿਖਦਾ, ਉਥੇ ਹੀ ਦੂਜੇ ਅੱਧੇ ਮਾਮਲਿਆਂ ਵਿਚ ਹਸਪਤਾਲ ਤੋਂ ਛੁੱਟੀ ਮਿਲਣ ਦੇ ਤਿੰਨ ਮਹੀਨੇ ਬਾਅਦ ਜਾ ਕੇ ਮਰੀਜ਼ ਨੂੰ ਭਿਆਨਕ ਇਨਫੈਕਸ਼ਨ, ਕਿਡਨੀ ਫੇਲ ਜਾਂ ਫਿਰ ਕੋਈ ਕਾਰਡੀਓਵੈਸਕੁਲਰ ਬੀਮਾਰੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸੈਪਸਿਸ ਦੇ ਕਈ ਮਰੀਜ਼ਾਂ ਵਿਚ ਅੱਗੇ ਚੱਲ ਕੇ ਲਕਵਾ, ਤਣਾਅ ਜਾਂ ਘਬਰਾਹਟ ਦੀ ਪ੍ਰੇਸ਼ਾਨੀ ਸਾਹਮਣੇ ਆ ਸਕਦੀ ਹੈ, ਇਸ ਲਈ ਸਭ ਤੋਂ ਜ਼ਰੂਰੀ ਗੱਲ ਹੈ ਕਿ ਕਿਸੇ ਤਰ੍ਹਾਂ ਨਾਲ ਮਰੀਜ਼ ਵਿਚ ਸੈਪਸਿਸ ਹੋਣ ਤੋਂ ਬਚਾਇਆ ਜਾਵੇ।

ਕੋਰੋਨਾਵਾਇਰਸ ਨੂੰ ਮਾਤ ਦਿੰਦੀ ਟੈਨਿਸ ਖੇਡਦੇ ਨੌਜਵਾਨਾਂ ਦੀ ਇਹ ਵੀਡੀਓ,ਕੋਰੋਨਾਵਾਇਰਸ ਦੇ ਕਹਿਰ ਦੌਰਾਨ ਕੀ ਆਮ ਲੋਕਾਂ ਨਾਲ ਹੋ ਰਿਹੈ ਵਿਤਕਰਾ?


Sunny Mehra

Content Editor

Related News