ਖਾਲਸਾ ਪੰਥ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ, ਖਾਲਸਾਈ ਰੰਗਾਂ ’ਚ ਰੰਗਿਆ ਸ਼ਹਿਰ ਕਰੇਮੋਨਾ

Sunday, Apr 20, 2025 - 03:52 PM (IST)

ਖਾਲਸਾ ਪੰਥ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ, ਖਾਲਸਾਈ ਰੰਗਾਂ ’ਚ ਰੰਗਿਆ ਸ਼ਹਿਰ ਕਰੇਮੋਨਾ

ਕਰੇਮੋਨਾ (ਦਲਵੀਰ ਸਿੰਘ ਕੈਂਥ,ਸਾਬੀਆ ਚੀਨੀਆ)- ਕਲਗੀਆਂ ਵਾਲੇ ਚੋਜੀ ਪ੍ਰੀਤਮ, ਨੀਲੇ ਦੇ ਸ਼ਾਹ ਅਸਵਾਰ, ਸਾਹਿਬ-ਏ-ਕਮਾਲ, ਸ਼ਾਹ-ਏ-ਸ਼ਹਿਨਸਾਹ, ਸਰਬੰਸਦਾਨੀ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਈ: ਦੀ ਵਿਸਾਖੀ ਨੂੰ ਲੋਕਾਈ ਦੀ ਭਲਾਈ ਲਈ ਅਤੇ ਦੱਬੇ ਕੁੱਚਲੇ ਲੋਕਾਂ ਨੂੰ ਜੀਵਿਤ, ਜਾਗ੍ਰਿਤ ਅਤੇ ਜਾਗਰੂਕ ਕਰਨ ਹਿੱਤ ਜੋ ਖਾਲਸਾ ਪੰਥ ਰਚਿਆ। ਉਹ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਮਹਾਨ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਅਤੇ ਉਸਦੇ ਪੁਰਾਤਨ ਸਰੂਪ ਨੂੰ ਉਜਾਗਰ ਕਰ ਰਿਹਾ ਹੈ। ਬੀਤੇ ਦਿਨੀ ਇਟਲੀ ਦੇ ਕਰੇਮੋਨਾ ਜ਼ਿਲ੍ਹੇ ਦੇ ਤੌਰੇ ਦੀ ਪਿਚਨਾਰਦੀ ਵਿਖੇ ਆਧੁਨਿਕ ਦਿਖ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰੇਮੋਨਾ ਸ਼ਹਿਰ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। 

PunjabKesari

ਜ਼ਿਕਰਯੋਗ ਹੈ ਕਿ ਮੌਸਮ ਦੀ ਖਰਾਬੀ ਕਾਰਨ ਮੌਸਮ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਇੱਕ ਦਿਨ ਪਹਿਲਾਂ ਹੀ ਨਗਰ ਕੀਰਤਨ ਦਾ ਰੂਟ ਬਦਲ ਦਿੱਤਾ ਗਿਆ ਸੀ। ਫਿਰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵਿੱਚ ਬਹੁਤ ਉਤਸ਼ਾਹ ਸੀ। ਨਗਰ ਕੀਰਤਨ ਦੀ ਆਰੰਭਤਾ ਵੀਆ ਪਸਤੂਮੀਆਂ ਤੋਂ ਦੁਪਹਿਰ ਲਗਭਗ 1 ਵਜੇ ਹੋਈ। ਸੰਗਤਾਂ ਗੁਰੂ ਸਾਹਿਬ ਦੀ ਸਵਾਰੀ ਦੇ ਲੰਘਣ ਲਈ ਸੜਕਾਂ ਦੀ ਸਫਾਈ ਦੀ ਸੇਵਾ ਕਰ ਰਹੀਆਂ ਸਨ ਅਤੇ ਨਗਾਰੇ ਵਾਲੀ ਗੱਡੀ ਵਿੱਚ ਭੁਜੰਗੀ ਸਿੰਘ ਨਗਾਰੇ ਵਜਾ ਰਹੇ ਸਨ ਅਤੇ ਲੋਕਾਂ ਨੂੰ ਦੱਸ ਰਹੇ ਸਨ ਕਿ ਸ੍ਰਿਸ਼ਟੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆ ਰਹੀ ਹੈ। ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਸਜੀ ਪਾਲਕੀ ਵਿੱਚ ਸੁਸ਼ੋਭਿਤ ਸਨ ਅਤੇ ਉਹਨਾਂ ਦੀ ਛਤਰ ਛਾਇਆ ਹੇਠ ਇਸ ਨਗਰ ਕੀਰਤਨ ਦੀ ਆਰੰਭਤਾ ਹੋਈ। 

PunjabKesari

ਪਿੱਛੇ-ਪਿੱਛੇ ਸੰਗਤਾਂ ਗੁਰੂ ਜਸ ਕਰਦੀਆਂ ਹੋਈਆਂ ਨਗਰ ਦੀ ਪਰਿਕਰਮਾ ਕਰ ਰਹੀਆਂ ਸਨ। ਇਟਾਲੀਅਨ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਗੁਰੂ ਸਾਹਿਬ ਜੀ ਦੀ ਪਾਲਕੀ ਅਤੇ ਸਿੱਖ ਸੰਗਤਾਂ ਨੂੰ ਨਿਹਾਰ ਰਹੇ ਸਨ। ਸਾਰਾ ਸ਼ਹਿਰ ਹੀ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ ਅਤੇ ਖਾਲਸਾਈ ਰੰਗਾਂ ਵਿੱਚ ਰੰਗਿਆ ਗਿਆ ਸੀ। ਸ੍ਰੀ ਗੁਰੂ ਕਲਗੀਧਰ ਗਤਕਾ ਅਕੈਡਮੀ ਦੇ ਸਿੰਘਾਂ ਸਿੰਘਣੀਆਂ ਭੁਜੰਗੀ ਭੁਜੰਗਣਾ ਨੇ ਇਸ ਮੌਕੇ ਗਤਕੇ ਦੇ ਅਦਭੁੱਤ ਜੌਹਰ ਦਿਖਾਏ। ਨਗਰ ਦੀ ਪਰਿਕਰਮਾ ਕਰਦੇ ਹੋਏ ਨਗਰ ਕੀਰਤਨ ਦੀ ਸਮਾਪਤੀ ਸਟੇਡੀਅਮ ਜੋਵਾਨੀ ਜੀਨੀ ਵਿਖੇ ਹੋਈ। ਜਿੱਥੇ ਸੰਗਤਾਂ ਲਈ ਖੁੱਲਾ ਪੰਡਾਲ ਸਜਿਆ ਹੋਇਆ ਸੀ ਗੁਰੂ ਸਾਹਿਬ ਜੀ ਸੁੰਦਰ ਪਾਲਕੀ ਵਿੱਚ ਸਮੂਹ ਸੰਗਤਾਂ ਨੂੰ ਦਰਸ਼ਨ ਦੇ ਰਹੇ ਸਨ। ਇਸ ਮੌਕੇ ਦੂਰੋਂ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਲਈ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਪੰਜਾਬੀ ਉਮੀਦਵਾਰ ਸੁਖਮਨ ਗਿੱਲ ਦੇ ਸਮਰਥਨ 'ਚ ਉਤਰੇ ਪੀਅਰੇ ਪੋਇਲੀਵਰੇ

ਪ੍ਰਸ਼ਾਸਨ ਵੱਲੋਂ ਨਗਰ ਕੀਰਤਨ ਦੇ ਰਸਤਿਆਂ 'ਤੇ ਅਤੇ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਹਰਜਿੰਦਰ ਸਿੰਘ ਪਰਵਾਨਾ ਦੇ ਜਥੇ ਨੇ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸਮਾਪਤੀ ਵੇਲੇ ਵੱਖ-ਵੱਖ ਬੁਲਾਰਿਆਂ ਨੇ ਸੰਗਤਾਂ ਨੂੰ ਸੰਖੇਪ ਵਿਚ ਸੰਬੋਧਨ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸਮੂਹ ਸੰਗਤਾਂ ਨੂੰ ਜੀਓ ਆਇਆਂ ਆਖਿਆ ਅਤੇ ਸਭ ਦਾ ਧੰਨਵਾਦ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ,ਪਤਵੰਤੇ ਸੱਜਣਾਂ, ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ, ਪ੍ਰੈਸ ਅਤੇ ਵੱਖ-ਵੱਖ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਉਪਰੰਤ ਸੰਪੂਰਨਤਾ ਦੀ ਅਰਦਾਸ ਕੀਤੀ ਗਈ ਅਤੇ ਗੁਰੂ ਸਾਹਿਬ ਵੱਲੋਂ ਹੁਕਮਨਾਮੇ ਦੀ ਬਖਸ਼ਿਸ਼ ਹੋਈ ਅਤੇ ਗੁਰੂ ਸਾਹਿਬ ਜੀ ਦੀ ਸਵਾਰੀ ਨੇ ਗੁਰਦੁਆਰਾ ਸਾਹਿਬ ਵੱਲ ਨੂੰ ਚਾਲੇ ਪਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News