NIA ਦੀ ਜਾਂਚ ’ਚ ਖਾਲਿਸਤਾਨੀ-ਗੈਂਗਸਟਰਾਂ ਦੇ ਗਠਜੋੜ ਦਾ ਖੁਲਾਸਾ, ਖੇਡਾਂ ਤੋਂ ਲੈ ਕੇ ਫਿਲਮਾਂ ’ਚ ਲਗਾ ਚੁੱਕੇ ਹਨ ਜਬਰੀ ਵਸੂਲੀ ਦਾ ਪੈਸਾ

09/26/2023 10:06:06 AM

ਜਲੰਧਰ (ਇੰਟ.) - ਕੈਨੇਡਾ ’ਚ ਰਹਿੰਦੇ ਵੱਡੇ ਖਾਲਿਸਤਾਨੀ ਆਗੂਆਂ ਅਤੇ ਗੈਂਗਸਟਰਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਜਾਂਚ ’ਚ ਵੱਡਾ ਖੁਲਾਸਾ ਹੋਇਆ ਹੈ। ਇਨ੍ਹਾਂ ਖਾਲਿਸਤਾਨੀ ਆਗੂਆਂ ਨੇ ਭਾਰਤ ਵਿਚ ਜਬਰੀ ਵਸੂਲੀ ਅਤੇ ਸਮੱਗਲਿੰਗ ਰਾਹੀਂ ਪ੍ਰਾਪਤ ਕੀਤੇ ਪੈਸੇ ਦੀ ਵਰਤੋਂ ਨਾ ਸਿਰਫ਼ ਭਾਰਤ ਅਤੇ ਕੈਨੇਡਾ ਵਿਚ ਹਿੰਸਕ ਕਾਰਵਾਈਆਂ ਨੂੰ ਫੰਡ ਦੇਣ ਲਈ ਕੀਤੀ, ਸਗੋਂ ਮਹਿੰਗੀਆਂ ਕਿਸ਼ਤੀਆਂ, ਫਿਲਮਾਂ ਅਤੇ ਇਥੋਂ ਤੱਕ ਕਿ ਕੈਨੇਡੀਅਨ ਪ੍ਰੀਮੀਅਰ ਲੀਗ ਵਿਚ ਵੀ ਨਿਵੇਸ਼ ਕੀਤਾ। ਇਸ ਤੋਂ ਇਲਾਵਾ ਗੈਂਗਸਟਰਾਂ ਤੋਂ ਬਰਾਮਦ ਹੋਈ ਰਕਮ ਨੂੰ ਥਾਈਲੈਂਡ ਦੇ ਕਲੱਬਾਂ ਅਤੇ ਬਾਰਾਂ ਵਿਚ ਵੀ ਨਿਵੇਸ਼ ਕੀਤਾ ਗਿਆ ਸੀ। ਐੱਨ.ਆਈ.ਏ. ਨੇ 2019 ਤੋਂ 2021 ਤੱਕ ਦੇ 13 ਮਾਮਲਿਆਂ ਦੀ ਸੂਚੀ ਤਿਆਰ ਕੀਤੀ ਹੈ, ਜਦੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਹਵਾਲਾ ਰਾਹੀਂ ਕੈਨੇਡਾ ਅਤੇ ਥਾਈਲੈਂਡ ਨੂੰ 5 ਲੱਖ ਤੋਂ 60 ਲੱਖ ਰੁਪਏ ਤੱਕ ਦੀ ਰਕਮ ਭੇਜੀ ਸੀ।

ਇਹ ਵੀ ਪੜ੍ਹੋ : ਚੀਨੀ ਲੋਕ ਬਣਾ ਰਹੇ ਭਾਰਤੀ ਆਧਾਰ ਕਾਰਡ, ਤੀਰਥ ਯਾਤਰਾ ਦੇ ਨਾਂ 'ਤੇ ਔਰਤਾਂ ਕਰ ਰਹੀਆਂ ਸੋਨੇ ਦੀ ਸਮਗਲਿੰਗ

ਜਬਰੀ ਵਸੂਲੀ, ਨਾਜਾਇਜ਼ ਸ਼ਰਾਬ, ਹਥਿਆਰਾਂ ਦੀ ਸਮੱਗਲਿੰਗ ਦਾ ਕਾਰੋਬਾਰ

ਦੇਸ਼ ਦੀਆਂ ਜਾਂਚ ਏਜੰਸੀਆਂ ਪਹਿਲਾਂ ਹੀ ਸਾਬਤ ਕਰ ਚੁੱਕੀਆਂ ਹਨ ਕਿ ਬਿਸ਼ਨੋਈ ਨੇ ਆਪਣੇ ਡਿਪਟੀ ਸਤਵਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਰਾਹੀਂ ਕੈਨੇਡਾ ਦੀ ਧਰਤੀ ਤੋਂ ਸਰਗਰਮ ਖਾਲਿਸਤਾਨੀ ਗਰੁੱਪਾਂ, ਖਾਸ ਕਰ ਕੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਆਗੂ ਲਖਬੀਰ ਸਿੰਘ ਲੰਡਾ ਨਾਲ ਮਿਲ ਕੇ ਕੰਮ ਕੀਤਾ ਸੀ। ਇਕ ਮੀਡੀਆ ਰਿਪੋਰਟ ਮੁਤਾਬਕ ਮਾਰਚ ’ਚ 14 ਲੋਕਾਂ ਖਿਲਾਫ ਦਾਇਰ ਐੱਨ.ਆਈ.ਏ. ਦੀ ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਜਬਰਨ ਵਸੂਲੀ, ਨਾਜਾਇਜ਼ ਸ਼ਰਾਬ, ਹਥਿਆਰਾਂ ਦੀ ਸਮੱਗਲਿੰਗ ਦੇ ਕਾਰੋਬਾਰ ਆਦਿ ਰਾਹੀਂ ਇਕੱਠਾ ਕੀਤਾ ਪੈਸਾ ਸਤਵਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਅਤੇ ਸਤਬੀਰ ਸਿੰਘ ਉਰਫ ਸੈਮ ਨੂੰ ਕੈਨੇਡਾ ਵਿਚ ਹੋਰ ਨਿਵੇਸ਼ ਕਰਨ ਅਤੇ ਖਾਲਿਸਤਾਨੀ ਤੱਤਾਂ ਦੀਆਂ ਕੱਟੜਪੰਥੀ ਸਰਗਰਮੀਆਂ ਦੀ ਫੰਡਿੰਗ ਲਈ ਹਵਾਲਾ ਰਾਹੀਂ ਕੈਨੇਡਾ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ :  ਪੂਰੀ ਸ਼ਾਨੋ-ਸ਼ੌਕਤ ਨਾਲ ਹੋਵੇਗਾ ਰਾਮਲੱਲਾ ਮੂਰਤੀ ਸਥਾਪਨਾ ਸਮਾਰੋਹ, ਮਸ਼ਹੂਰ ਹਸਤੀਆਂ ਨੂੰ ਮਿਲੇਗਾ ਸੱਦਾ

ਵਸੂਲੀ ’ਚ ਲਾਰੈਂਸ ਬਿਸ਼ਨੋਈ ਦੀ ਵੀ ਭੂਮਿਕਾ

ਐੱਨ.ਆਈ.ਏ. ਨੇ ਕਿਹਾ ਕਿ ਇਹ ਸਭ ਵੱਡੇ ਖਾਲਿਸਤਾਨੀ-ਗੈਂਗਸਟਰ ਗਠਜੋੜ ਦਾ ਹਿੱਸਾ ਹੈ। ਕੈਨੇਡਾ ’ਚ ਨਾਜਾਇਜ਼ ਤੌਰ ’ਤੇ ਕਮਾਏ ਪੈਸੇ ਦਾ ਪ੍ਰਬੰਧ ਕਰਨ ਵਾਲੇ ਵਿਅਕਤੀ ਦੀ ਪਛਾਣ ਸਤਬੀਰ ਸਿੰਘ ਉਰਫ ਸੈਮ ਵਜੋਂ ਹੋਈ ਹੈ। ਐੱਨ.ਆਈ.ਏ. ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਸੈਮ ਨੇ ਇਸ ਪੈਸੇ ਦਾ ਇਕ ਹਿੱਸਾ ਕੈਨੇਡਾ ਵਿਚ ਮਹਿੰਗੀਆਂ ਕਿਸ਼ਤੀਆਂ ਖਰੀਦਣ, ਫਿਲਮਾਂ ਲਈ ਫਾਈਨਾਂਸ ਕਰਨ ਅਤੇ ਕੈਨੇਡੀਅਨ ਪ੍ਰੀਮੀਅਰ ਲੀਗ ਦੇ ਆਯੋਜਨ ਵਿਚ ਨਿਵੇਸ਼ ਲਈ ਕੀਤਾ। ਫਿਲਹਾਲ ਜੇਲ ’ਚ ਬੰਦ ਬਿਸ਼ਨੋਈ ਨੇ ਕਬੂਲ ਕੀਤਾ ਹੈ ਕਿ ਉਸ ਨੇ ਕਈ ਮੌਕਿਆਂ ’ਤੇ ਸੈਮ ਤੋਂ ਪੈਸੇ ਵੀ ਲਏ ਸਨ।

ਅੱਤਵਾਦੀਆਂ ਨੂੰ ਭਾਰਤ ’ਚ ਤਜਰਬੇਕਾਰ ਸ਼ੂਟਰਾਂ ਦੀ ਭਾਲ

ਐੱਨ.ਆਈ.ਏ. ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਆਗੂ ਵਧਾਵਾ ਸਿੰਘ ਅਤੇ ਹਰਵਿੰਦਰ ਸਿੰਘ ਰਿੰਦਾ ਭਾਰਤ ਵਿਚ ਤਜਰਬੇਕਾਰ ਸ਼ੂਟਰਾਂ ਦੀ ਭਾਲ ਕਰ ਰਹੇ ਸਨ। ਇਸ ਮੌਕੇ ਲਾਰੈਂਸ ਬਿਸ਼ਨੋਈ ਗੈਂਗ ਉਨ੍ਹਾਂ ਦੀ ਯੋਜਨਾ ’ਚ ਫਿੱਟ ਸਾਬਤ ਹੋਇਆ। ਉਸ ਦਾ ਸਿੰਡੀਕੇਟ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਵਿਚ ਫੈਲਿਆ ਹੋਇਆ ਹੈ, ਜਿਸ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਬਿਹਾਰ ਅਤੇ ਝਾਰਖੰਡ ਸ਼ਾਮਲ ਹਨ। ਕੈਨੇਡਾ ਵਿਚ ਗੈਂਗਸਟਰਾਂ ਅਤੇ ਖਾਲਿਸਤਾਨੀ ਤੱਤਾਂ ਦੀਆਂ ਸਰਗਰਮੀਆਂ ਤੋਂ ਜਾਣੂ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਓਟਾਵਾ ਨੂੰ ਲੰਡਾ, ਬਰਾੜ, ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਵਰਗੇ ਦੋ ਦਰਜਨ ਤੋਂ ਵੱਧ ਗੈਂਗਸਟਰ-ਖਾਲਿਸਤਾਨੀ ਸਮਰਥਕਾਂ ਨੂੰ ਹਿਰਾਸਤ ਵਿਚ ਲੈ ਕੇ ਭਾਰਤ ਹਵਾਲੇ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ :  ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News