ਪਰਵਾਸ ਮੁੱਦੇ ''ਤੇ ਹੈਰਿਸ ਅਤੇ ਕੈਨੇਡੀਅਨ ਉਪ ਪ੍ਰਧਾਨ ਮੰਤਰੀ ਨੇ ਕੀਤੀ ਚਰਚਾ

Friday, Mar 26, 2021 - 06:00 PM (IST)

ਪਰਵਾਸ ਮੁੱਦੇ ''ਤੇ ਹੈਰਿਸ ਅਤੇ ਕੈਨੇਡੀਅਨ ਉਪ ਪ੍ਰਧਾਨ ਮੰਤਰੀ ਨੇ ਕੀਤੀ ਚਰਚਾ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇੱਕ ਫੋਨ ਗੱਲਬਾਤ ਦੌਰਾਨ ਕੈਨੇਡੀਅਨ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨਾਲ ਮੱਧ ਅਮਰੀਕਾ ਤੋਂ ਪਰਵਾਸ ਵਰਗੇ ਆਪਸੀ ਹਿੱਤਾਂ ਦੇ ਮੁੱਦਿਆਂ ਨਾਲ ਨਜਿੱਠਣ ਲਈ ਸਹਿਯੋਗ ਬਾਰੇ ਵਿਚਾਰ ਵਟਾਂਦਰੇ ਕੀਤੇ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ।

ਇੱਥੇ ਦੱਸ ਦਈਏ ਕਿ ਇਸ ਹਫ਼ਤੇ ਦੇ ਸ਼ੁਰੂ ਵਿਚ, ਯੂਐਸ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਹੈਰਿਸ ਨੂੰ ਮੈਕਸੀਕੋ ਅਤੇ ਮੱਧ ਅਮਰੀਕਾ ਦੇ ਤਥਾਕਥਿਤ "ਨੌਰਦਰਨ ਟ੍ਰਾਇੰਗਲ" ਦੇ ਦੇਸ਼ਾਂ - ਹੋਂਡੁਰਾਸ, ਗੁਆਟੇਮਾਲਾ ਅਤੇ ਅਲ ਸਲਵਾਡੋਰ ਦੇ ਸੰਯੁਕਤ ਰਾਜ ਵਿਚ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਲਈ ਅਗਵਾਈ ਕਰਨ ਲਈ ਨਿਯੁਕਤ ਕੀਤਾ ਸੀ।ਜਾਣਕਾਰੀ ਮੁਤਾਬਕ,“ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਅੱਜ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨਾਲ ਗੱਲਬਾਤ ਕੀਤੀ ਅਤੇ ਕੈਨੇਡਾ ਤੇ ਅਮਰੀਕਾ ਦਰਮਿਆਨ ਮਜ਼ਬੂਤ ਗਠਜੋੜ ਨੂੰ ਹੋਰ ਡੂੰਘਾ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। 

ਪੜ੍ਹੋ ਇਹ ਅਹਿਮ ਖਬਰ- 2024 'ਚ ਦੁਬਾਰਾ ਲੜਾਂਗਾ ਰਾਸ਼ਟਰਪਤੀ ਚੋਣਾਂ : ਬਾਈਡੇਨ

ਉਪ ਰਾਸ਼ਟਰਪਤੀ ਹੈਰਿਸ ਅਤੇ ਉਪ ਪ੍ਰਧਾਨ ਮੰਤਰੀ ਫ੍ਰੀਲੈਂਡ ਨੇ ਉੱਤਰੀ ਤਿਕੋਣ ਵਿਚ ਆਪਸੀ ਹਿੱਤਾਂ ਦੇ ਮੁੱਦਿਆਂ ‘ਤੇ ਹਿੱਸੇਦਾਰੀ ਬਾਰੇ ਵਿਚਾਰ ਵਟਾਂਦਰੇ ਕੀਤੇ। ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਦੇਰ ਸ਼ਾਮ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਮੱਧ ਅਮਰੀਕਾ ਤੋਂ ਪਰਵਾਸ ਦੇ ਮੁੱਢਲੇ ਕਾਰਨਾਂ ਦੇ ਹੱਲ ਲਈ ਇਕੱਠੇ ਕੰਮ ਕਰਨਾ ਸ਼ਾਮਲ ਹੈ। ਅਮਰੀਕੀ ਪ੍ਰਸ਼ਾਸਨ ਨੇ ਅੱਗੇ ਕਿਹਾ ਕਿ ਅਧਿਕਾਰੀਆਂ ਨੇ ਔਰਤਾਂ ਨੂੰ ਦੇਖਭਾਲ ਦੀ ਆਰਥਿਕਤਾ ਵਿਚ ਸਹਾਇਤਾ ਪ੍ਰਦਾਨ ਕਰਨ, ਛੋਟੇ ਕਾਰੋਬਾਰਾਂ ਦੀ ਸਹਾਇਤਾ ਕਰਨ, ਪੂੰਜੀ ਤੱਕ ਪਹੁੰਚ ਨੂੰ ਉਤਸ਼ਾਹਤ ਕਰਨ ਅਤੇ ਟਰੇਡ ਯੂਨੀਅਨਾਂ ਨੂੰ ਮਜ਼ਬੂਤ ​ਕਰਨ ਦੇ ਉਪਾਵਾਂ ਉੱਤੇ ਵੀ ਜ਼ੋਰ ਦਿੱਤਾ।

ਗੌਰਤਲਬ ਹੈ ਕਿ ਜਦੋਂ ਤੋਂ ਬਾਈਡੇਨ ਨੇ ਜਨਵਰੀ ਵਿਚ ਅਹੁਦਾ ਸੰਭਾਲਿਆ ਹੈ ਅਤੇ ਆਪਣੇ ਪੂਰਵਗਾਮੀ ਡੋਨਾਲਡ ਟਰੰਪ ਦੁਆਰਾ ਥੋਪੀਆਂ ਕੁਝ ਸਖ਼ਤੀ ਵਾਲੀ ਇਮੀਗ੍ਰੇਸ਼ਨ ਨੀਤੀਆਂ ਨੂੰ ਉਲਟਾ ਦਿੱਤਾ ਹੈ, ਉਦੋਂ ਤੋਂ ਗੈਰਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਯੂਐਸ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ ਦੇ ਅਨੁਸਾਰ, ਲਗਭਗ 78,000 ਪ੍ਰਵਾਸੀਆਂ ਨੇ ਜਨਵਰੀ ਵਿਚ ਦੱਖਣੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਜੋ ਪਿਛਲੇ ਦਸੰਬਰ ਤੋਂ ਛੇ ਪ੍ਰਤੀਸ਼ਤ ਦਾ ਵਾਧਾ ਦਰਸਾਉਂਦੀ ਹੈ। ਫਰਵਰੀ ਵਿਚ, ਯੂਐਸ ਬਾਰਡਰ ਏਜੰਟਾਂ ਨੇ ਪਿਛਲੇ ਮਹੀਨੇ ਦੇ ਮੁਕਾਬਲੇ 28 ਪ੍ਰਤੀਸ਼ਤ ਵਾਧਾ ਦਰਜ ਕੀਤਾ।

ਨੋਟ- ਹੈਰਿਸ ਅਤੇ ਕੈਨੇਡੀਅਨ ਉਪ ਪ੍ਰਧਾਨ ਮੰਤਰੀ ਨੇ ਮੱਧ ਅਮਰੀਕਾ ਤੋਂ ਪਰਵਾਸ ਬਾਰੇ ਕੀਤੀ ਚਰਚਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News