ਕਾਬੁਲ ਅੱਤਵਾਦੀ ਹਮਲੇ ''ਚ 5 ਲੋਕਾਂ ਦੀ ਮੌਤ, IS ਨੇ ਲਈ ਜ਼ਿੰਮੇਵਾਰੀ

Thursday, Jan 12, 2023 - 04:08 PM (IST)

ਕਾਬੁਲ ਅੱਤਵਾਦੀ ਹਮਲੇ ''ਚ 5 ਲੋਕਾਂ ਦੀ ਮੌਤ, IS ਨੇ ਲਈ ਜ਼ਿੰਮੇਵਾਰੀ

ਕਾਬੁਲ (ਭਾਸ਼ਾ)- ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ.) ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਵਿਦੇਸ਼ ਮੰਤਰਾਲਾ ਦੇ ਨੇੜੇ ਹੋਏ ਭਿਆਨਕ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਇਸ ਧਮਾਕੇ 'ਚ ਘੱਟੋ-ਘੱਟ 5 ਲੋਕ ਮਾਰੇ ਗਏ ਹਨ। ਕਾਬੁਲ ਵਿੱਚ ਸਾਲ 2023 ਵਿੱਚ ਇਹ ਦੂਜਾ ਵੱਡਾ ਹਮਲਾ ਹੈ। ਕੌਮਾਂਤਰੀ ਭਾਈਚਾਰੇ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਕੱਟੜਪੰਥੀ ਸਮੂਹ ਨੇ ਬੁੱਧਵਾਰ ਦੇ ਹਮਲੇ ਬਾਰੇ ਇੱਕ ਬਿਆਨ ਵਿੱਚ ਕਿਹਾ ਕਿ "ਸ਼ਹਾਦਤ ਦੇ ਚਾਹਵਾਨ" ਉਸਦੇ ਮੈਂਬਰ ਖੈਬਰ ਅਲ-ਕੰਧਾਰੀ ਨੇ ਮੰਤਰਾਲਾ ਦੇ ਕਰਮਚਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਦੇ ਵਿਚਕਾਰ ਵਿਸਫੋਟਕ ਨਾਲ ਭਰੀ ਆਪਣੀ ਜੈਕੇਟ ਨੂੰ ਉਦੋਂ ਵਿਸਫੋਟ ਕਰ ਦਿੱਤਾ, ਜਦੋਂ ਉਹ ਮੰਤਰਾਲਾ ਦੇ ਮੁੱਖ ਰਸਤੇ ਤੋਂ ਬਾਹਰ ਨਿਕਲ ਰਹੇ ਸਨ।

ਆਈ.ਐੱਸ. ਦੇ ਇਸ ਦਾਅਵੇ ਤੋਂ ਬਾਅਦ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਕਾਬੁਲ ਪੁਲਸ ਦੇ ਮੁੱਖ ਬੁਲਾਰੇ ਖਾਲਿਦ ਜ਼ਾਦਰਾਨ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਧਮਾਕੇ 'ਚ 5 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਆਈ.ਐੱਸ. ਦੀ ਸਮਾਚਾਰ ਇਕਾਈ ਆਮਾਕ ਨੇ ਕਿਹਾ ਕਿ ਇਹ ਹਮਲਾ ਡਿਪਲੋਮੈਟਾਂ ਦੇ ਸਿਖਲਾਈ ਕੋਰਸ ਦੌਰਾਨ ਹੋਇਆ। ਕੱਟੜਪੰਥੀਆਂ ਨੇ 2021 'ਚ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਆਪਣੇ ਹਮਲੇ ਵਧਾ ਦਿੱਤੇ ਹਨ।


author

cherry

Content Editor

Related News