ਸੁਪਰੀਮ ਕੋਰਟ ਦੇ ਅਗਲੇ ਚੀਫ ਦੀ ਭਾਲ ''ਚ ਜਸਟਿਨ ਟਰੂਡੋ

04/19/2019 11:25:23 PM

ਓਟਾਵਾ - ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਸਮੀ ਤੌਰ 'ਤੇ ਸੁਪਰੀਮ ਕੋਰਟ ਦੇ ਜੱਜ ਕਲੇਮੈਂਟ ਗੈਸਕਨ ਦੀ ਥਾਂ ਨਵਾਂ ਜੱਜ ਚੁਣਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਫੈਡਰਲ ਕੰਜ਼ਰਵੇਟਿਵ ਪਾਰਟੀ ਵੱਲੋਂ ਇਸ ਮਾਮਲੇ 'ਚ ਅਜੇ ਥੋੜ੍ਹਾ ਹੋਰ ਰੁਕਣ ਦੀ ਮੰਗ ਕੀਤੀ ਹੈ ਪਰ ਟਰੂਡੋ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ।
59 ਸਾਲ ਦੇ ਗੈਸਕਨ, ਜੋ ਕਿ ਕਿਊਬਿਕ ਤੋਂ ਹਨ। ਉਨ੍ਹਾਂ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਉਹ ਨਿੱਜੀ ਅਤੇ ਪਰਿਵਾਰਕ ਕਾਰਨਾਂ ਕਰਕੇ ਸਤੰਬਰ 'ਚ ਆਪਣਾ ਅਹੁਦਾ ਛੱਡ ਦੇਣਗੇ। ਟਰੂਡੋ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਕਿੰਮ ਕੈਂਪਬੈੱਲ ਇਕ ਵਾਰੀ ਫਿਰ ਇਸ ਖੋਜ ਦੀ ਕਮਾਨ ਸੰਭਾਲਣਗੇ ਅਤੇ ਉਸ ਐਡਵਾਇਜ਼ਰੀ ਪੈਨਲ ਦੇ ਮੁਖੀ ਹੋਣਗੇ ਜਿਸ ਦੇ ਮੈਂਬਰਾਂ ਦੇ ਅਜੇ ਨਾਂ ਨਹੀਂ ਲਏ ਗਏ ਹਨ। ਇਹ ਪੈਨਲ 3 ਤੋਂ 5 ਸਮਰੱਥ ਉਮੀਦਵਾਰਾਂ ਦੀ ਲਿਸਟ ਤਿਆਰ ਕਰੇਗਾ ਜਿਨ੍ਹਾਂ 'ਚੋਂ ਸਾਰੇ ਹੀ ਸਿਵਲ ਲਾਅ 'ਚ ਮਾਹਿਰ ਹੋਣਗੇ ਅਤੇ ਕਿਊਬਿਕ ਨਾਲ ਸਬੰਧਿਤ ਹੋਣਗੇ। 
ਗੈਸਕਨ ਦੀ ਥਾਂ ਲੈਣ ਵਾਲੇ ਜੱਜ ਦੀ ਭਾਲ ਸ਼ੁਰੂ ਕੀਤੇ ਜਾਣ ਤੋਂ ਭਾਵ ਹੈ ਕਿ ਅਗਲਾ ਜੱਜ ਇਸ ਸਾਲ ਦੇ ਆਖਿਰ 'ਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਹੀ ਨਿਯੁਕਤ ਕੀਤਾ ਜਾਵੇਗਾ। ਇਹ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀ ਉਸ ਇੱਛਾ ਦੇ ਵੀ ਉਲਟ ਦੱਸਿਆ ਜਾ ਰਿਹਾ ਹੈ ਜਿਸ 'ਚ ਉਨ੍ਹਾਂ ਟਰੂਡੋ ਨੂੰ ਹਾਲ ਦੀ ਘੜੀ ਇਸ ਨਿਯੁਕਤੀ ਨੂੰ ਰੋਕ ਕੇ ਉਸ ਮਾਮਲੇ ਦੀ ਜਾਂਚ ਕਰਨ ਲਈ ਆਖਿਆ ਸੀ ਕਿ ਪਹਿਲਾਂ ਇਹ ਪਤਾ ਲਾਇਆ ਜਾਵੇ ਕਿ ਟਰੂਡੋ ਅਤੇ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਦਰਮਿਆਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਚੋਣ ਨੂੰ ਲੈ ਕੇ ਹੋਏ ਮਤਭੇਦਾਂ ਬਾਰੇ ਜਾਣਕਾਰੀ ਲੀਕ ਕਿਸ ਨੇ ਕੀਤੀ ਸੀ।


Khushdeep Jassi

Content Editor

Related News