ਕੈਨੇਡਾ ਦੀ ਨੈਸ਼ਨਲ ਹਾਕੀ ਲੀਗ ''ਚ ਪੰਜਾਬੀ ਗੱਭਰੂ ਨੇ ਕਰਾਈ ''ਬੱਲੇ-ਬੱਲੇ'', ਦਾਗਿਆ ਸ਼ਾਨਦਾਰ ਗੋਲ! (ਦੇਖੋ ਤਸਵੀਰਾਂ)

01/17/2017 4:12:16 PM

ਓਟਾਵਾ— ਸੋਮਵਾਰ ਦਾ ਦਿਨ ਕੈਨੇਡਾ ਵਿਚ ਰਹਿੰਦੇ ਪੰਜਾਬੀਆਂ ਅਤੇ ਹਾਕੀ ਲਈ ਬੇਹੱਦ ਖਾਸ ਹੋ ਨਿਬੜਿਆ, ਜਦੋਂ ਪੰਜਾਬੀ ਗੱਭਰੂ ਜੁਝਾਰ ਖਹਿਰਾ ਨੇ ਨੈਸ਼ਨਲ ਹਾਕੀ ਲੀਗ ਵਿਚ ਆਪਣੇ ਕੈਰੀਅਰ ਦਾ ਪਹਿਲਾ ਗੋਲ ਦਾਗਿਆ। ਇਹ ਨਾ ਸਿਰਫ ਉਸ ਦੇ ਜੀਵਨ ਸਗੋਂ ਹਾਕੀ ਦੇ ਇਤਿਹਾਸ ਦਾ ਬਿਹਤਰੀਨ ਗੋਲ ਸੀ। ਸਰੀ ਦੀਆਂ ਗਲੀਆਂ ਵਿਚ ਹਾਕੀ ਖੇਡ ਕੇ ਵੱਡਾ ਹੋਇਆ ਖਹਿਰਾ ਉਨ੍ਹਾਂ ਲੱਖਾਂ ਲੋਕਾਂ ਵਰਗਾ ਹੀ ਸੀ, ਜਿਨ੍ਹਾਂ ਨੂੰ ਬਚਪਨ ਤੋਂ ਹਾਕੀ ਖੇਡਣ ਦਾ ਸ਼ੌਂਕ ਸੀ ਪਰ ਸੋਮਵਾਰ ਦੀ ਰਾਤ ਉਸ ਲਈ ਵੱਖਰੀ ਸੀ। ਐਰੀਜ਼ੋਨਾ ਕੋਯੋਟੇਸ ਦੀ ਟੀਮ ਦੇ ਖਿਲਾਫ ਖੇਡਦੇ ਹੋਏ ਖਹਿਰਾ ਨੇ ਆਪਣੀ ਟੀਮ ਐਡਮਿੰਟਨ ਆਇਲਰਜ਼ ਲਈ ਗੋਲ ਕੀਤਾ। ਇਹ ਮੈਚ ਐਡਮਿੰਟਨ ਆਇਲਰਜ਼ ਨੇ 3-1 ਨਾਲ ਜਿੱਤ ਲਿਆ ਅਤੇ ਇਹ ਪਲ ਸਾਰਿਆਂ ਦੀਆਂ ਯਾਦਾਂ ਵਿਚ ਵੱਸ ਗਿਆ। ਖਹਿਰਾ, ਰੌਬਿਨ ਬਾਵਾ ਅਤੇ ਮੈਨੀ ਮਲਹੋਤਰਾ ਤੋਂ ਬਾਅਦ ਨੈਸ਼ਨਲ ਹਾਕੀ ਲੀਗ ਵਿਚ ਖੇਡਣ ਵਾਲਾ ਤੀਜਾ ਭਾਰਤੀ ਮੂਲ ਦਾ ਵਿਅਕਤੀ ਹੈ। 
ਇਸ ਛੇ ਫੁੱਟ 3 ਇੰਚ ਦੇ 22 ਸਾਲਾ ਗੱਭੂਰ ਨੇ ਕਿਹਾ ਕਿ ਇਹ ਗੋਲ ਉਸ ਨੂੰ ਹਮੇਸ਼ਾ ਯਾਦ ਰਹੇਗਾ। ਕੈਨੇਡਾ ਦੇ ਪੰਜਾਬੀ ਮੂਲ ਦੇ ਬੱਚਿਆਂ ਵਿਚ ਹਾਕੀ ਪ੍ਰਤੀ ਇਹ ਪ੍ਰੇਮ ਹਾਕੀ ਨਾਈਟ ਪੰਜਾਬੀ ਤੋਂ ਪੈਦਾ ਹੋਇਆ ਹੈ। ਜੁਝਾਰ ਦੀ ਇਸ ਸਫਲ ਸ਼ੁਰੂਆਤ ''ਤੇ ਹਾਕੀ ਨਾਈਟ ਪੰਜਾਬੀ ਦੇ ਪ੍ਰਸਾਰਣਕਰਤਾ ਭੁਪਿੰਦਰ ਹੁੰਦਲ ਅਤੇ ਹਰਨਰਾਇਣ ਸਿੰਘ ਨੇ ਉਸ ਨੂੰ ਮੁਬਾਰਕਬਾਦ ਦਿੱਤੀ ਹੈ। ਹੁੰਦਲ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦਾ ਗੋਲ ਉਹ ਹਾਕੀ ਨਾਈਟ ਪੰਜਾਬੀ ਦੌਰਾਨ ਕਰਦਾ ਤਾਂ ਕੀ ਮਾਹੌਲ ਹੁੰਦਾ, ਇਸ ਬਾਰੇ ਸੋਚਣਾ ਵੀ ਉਨ੍ਹਾਂ ਲਈ ਮੁਸ਼ਕਿਲ ਹੈ। ਇਹ ਪੂਰੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। 

Kulvinder Mahi

News Editor

Related News