ਚਾਹੁੰਦੇ ਹੋਏ ਵੀ ਵੱਖ ਨਹੀਂ ਹੋ ਸਕਦੀਆਂ ਸਿਰ ਤੋਂ ਜੁੜੀਆਂ ਭੈਣਾਂ, ਸੰਘਰਸ਼ ਭਰੀ ਹੈ ਦੋਹਾਂ ਦੀ ਜ਼ਿੰਦਗੀ (ਤਸਵੀਰਾਂ)
Wednesday, Nov 22, 2017 - 03:39 PM (IST)

ਮਨੀਲਾ— ਫਿਲੀਪੀਨਸ 'ਚ ਦੋ ਜੁੜਵਾ ਭੈਣਾਂ ਜੁਆਏ ਤੇ ਜਾਇਸ ਮੈਗਸਿਨੋ ਦੇ ਸਿਰ ਜਨਮ ਤੋਂ ਜੁੜੇ ਹੋਏ ਹਨ। ਉਨ੍ਹਾਂ ਦਾ ਮੱਥਾ ਵੀ ਇਕ ਹੈ ਤੇ ਉਨ੍ਹਾਂ ਨੂੰ ਸੰਭਾਲਣਾ ਬਹੁਤ ਮੁਸ਼ਕਲ ਕੰਮ ਹੈ। ਹੁਣ ਉਹ 10 ਸਾਲ ਦੀਆਂ ਹੋ ਗਈਆਂ ਹਨ ਤੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੀਆਂ ਹਨ। ਇਹ ਦੋਵੇਂ ਬੱਚੀਆਂ ਆਪਣੀ ਜ਼ਿੰਦਗੀ ਨੂੰ ਆਮ ਕੁੜੀਆਂ ਵਾਂਗ ਜਿਊਣਾ ਚਾਹੁੰਦੀਆਂ ਹਨ ਪਰ ਉਨ੍ਹਾਂ ਦੇ ਹੌਂਸਲੇ ਦੀ ਸਿਫਤ ਕਰਨੀ ਪਵੇਗੀ ਕਿ ਉਹ ਅਜਿਹੀ ਸਥਿਤੀ 'ਚ ਵੀ ਖੁਸ਼ ਹੋ ਕੇ ਰਹਿੰਦੀਆਂ ਹਨ।
ਡਾਕਟਰਾਂ ਅਨੁਸਾਰ ਆਪ੍ਰੇਸ਼ਨ ਕਰਨ ਨਾਲ ਇਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਉਂਝ ਵੀ ਇਨ੍ਹਾਂ ਬੱਚੀਆਂ ਦੇ ਮਾਪੇ ਆਪ੍ਰੇਸ਼ਨ ਲਈ ਲੱਖਾਂ ਰੁਪਏ ਖਰਚ ਕਰਨ ਤੋਂ ਅਸਮਰੱਥ ਹਨ। ਜੇਕਰ ਉਨ੍ਹਾਂ ਦਾ ਆਪਰੇਸ਼ਨ ਹੋਇਆ ਤਾਂ ਲਗਭਗ 75000 ਡਾਲਰਾਂ ਦਾ ਖਰਚਾ ਆਵੇਗਾ। ਇਸੇ ਲਈ ਕੁੜੀਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਦੇ ਮਾਂ-ਬਾਪ ਲੱਕ ਤੋੜਵੀਂ ਮਿਹਨਤ ਕਰ ਰਹੇ ਹਨ। ਬੱਚੀਆਂ ਦੀ ਮਾਂ ਕਤਰ 'ਚ ਕਿਸੇ ਘਰ 'ਚ ਨੌਕਰਾਣੀ ਲੱਗੀ ਹੈ।
ਬੱਚੀਆਂ ਨੂੰ ਪਾਲਣ ਲਈ ਰਿਸ਼ਤੇਦਾਰਾਂ ਦੀ ਮਦਦ ਲਈ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਲਾਜ ਇੰਨਾ ਖਤਰਨਾਕ ਹੈ ਕਿ ਇਸ 'ਚ ਇਕ ਬੱਚੀ ਦੀ ਮੌਤ ਹੋ ਸਕਦੀ ਹੈ। ਇਸ ਲਈ ਚਾਹੁੰਦੇ ਹੋਏ ਵੀ ਸ਼ਾਇਦ ਉਹ ਕਦੇ ਵੱਖ ਨਾ ਹੋ ਸਕਣ। ਉਨ੍ਹਾਂ ਦਾ ਪਰਿਵਾਰ ਅਮਰੀਕਾ, ਇੰਗਲੈਂਡ ਅਤੇ ਭਾਰਤ ਦੇ ਹਸਪਤਾਲਾਂ ਤੋਂ ਇਸ ਆਪਰੇਸ਼ਨ ਸੰਬੰਧੀ ਸਲਾਹ ਲੈਣ ਦਾ ਵਿਚਾਰ ਕਰ ਰਿਹਾ ਹੈ।