ਯੂਕੇ : ਕਈ ਸਹਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਜਾਨਸਨ ਦੀਆਂ ਮੁਸ਼ਕਲਾਂ ਵਧੀਆਂ

07/06/2022 5:25:45 PM

ਲੰਡਨ (ਭਾਸ਼ਾ): ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਆਪਣੇ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਸਿਹਤ ਮੰਤਰੀ ਸਾਜਿਦ ਜਾਵੇਦ ਦੇ ਅਸਤੀਫ਼ਿਆਂ ਕਾਰਨ ਪਹਿਲਾਂ ਹੀ ਸੰਕਟ ਦਾ ਸਾਹਮਣਾ ਕਰ ਰਹੇ ਸਨ ਅਤੇ ਹੁਣ ਉਹ ਮੰਤਰੀਆਂ ਸਮੇਤ ਕਈ ਹੋਰ ਸਹਾਇਕਾਂ ਦੇ ਅਸਤੀਫ਼ਿਆਂ ਕਾਰਨ ਮੁਸ਼ਕਲ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਜਾਨਸਨ ਦੇ ਕਈ ਸਹਿਯੋਗੀਆਂ ਨੇ ਉਸਦੀ ਲੀਡਰਸ਼ਿਪ ਨੂੰ ਚੁਣੌਤੀ ਦਿੱਤੀ ਹੈ। ਵਿਲ ਕੁਇਨਸ ਨੇ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸ ਤੋਂ ਬਾਅਦ ਰੌਬਿਨ ਵਾਕਰ ਨੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਸਕੂਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਲਾਰਾ ਟ੍ਰੌਟ ਨੇ ਟਰਾਂਸਪੋਰਟ ਵਿਭਾਗ ਵਿੱਚ ਮੰਤਰੀ ਦੇ ਸਹਾਇਕ ਦਾ ਅਹੁਦਾ ਛੱਡ ਦਿੱਤਾ ਹੈ। 

ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਵਿਸ਼ਵਾਸ ਗੁਆ ਚੁੱਕੀ ਹੈ। ਇਨ੍ਹਾਂ ਅਸਤੀਫ਼ਿਆਂ ਦੇ ਬਾਵਜੂਦ ਜਾਨਸਨ (58) ਪਿੱਛੇ ਹਟਣ ਲਈ ਤਿਆਰ ਨਹੀਂ ਜਾਪਦੇ। ਉਨ੍ਹਾਂ ਨੇ ਖਾਲੀ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੌਜੂਦਾ ਨਿਯਮਾਂ ਦੇ ਤਹਿਤ ਜਾਨਸਨ ਅਗਲੀਆਂ ਗਰਮੀਆਂ ਤੱਕ ਪ੍ਰਧਾਨ ਮੰਤਰੀ ਵਜੋਂ ਆਪਣੀ ਅਗਵਾਈ ਬਾਰੇ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ। ਪਰ ਬ੍ਰਿਟਿਸ਼ ਮੀਡੀਆ ਦਾ ਕਹਿਣਾ ਹੈ ਕਿ ‘1922 ਕਮੇਟੀ’ ਦੀ ਕਾਰਜਕਾਰਨੀ ਕਿਸੇ ਵੀ ਸਮੇਂ ਨਿਯਮਾਂ ਨੂੰ ਬਦਲ ਸਕਦੀ ਹੈ। ਆਉਣ ਵਾਲੇ ਦਿਨਾਂ 'ਚ ਜਾਨਸਨ ਨੂੰ ਸੰਸਦ 'ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਆਗਾ ਖਾਨ ਮਿਊਜ਼ੀਅਮ ਨੇ ਹਟਾਈ ਡਾਕੂਮੈਂਟਰੀ ਫਿਲਮ 'ਕਾਲੀ', ਹਿੰਦੂਆਂ ਨੂੰ ਠੇਸ ਪਹੁੰਚਾਉਣ 'ਤੇ ਪ੍ਰਗਟਾਇਆ ਅਫਸੋਸ

ਇਸ ਦੌਰਾਨ ਜਾਨਸਨ ਨੇ ਸਿੱਖਿਆ ਮੰਤਰੀ ਡਿਮ ਜਹਾਵੀ ਨੂੰ ਨਵਾਂ ਵਿੱਤ ਮੰਤਰੀ ਨਿਯੁਕਤ ਕੀਤਾ ਅਤੇ ਐਲਾਨ ਕੀਤਾ ਕਿ ਸਟੀਵ ਬਾਰਕਲੇ ਦੇਸ਼ ਦੇ ਨਵੇਂ ਸਿਹਤ ਮੰਤਰੀ ਹੋਣਗੇ। ਜਾਨਸਨ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਸਿਹਤ ਮੰਤਰੀ ਸਾਜਿਦ ਜਾਵੇਦ ਨੇ ਮੰਗਲਵਾਰ ਨੂੰ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਹੁਣ ਪ੍ਰਧਾਨ ਮੰਤਰੀ ਦੀ ਅਗਵਾਈ 'ਤੇ ਭਰੋਸਾ ਨਹੀਂ ਹੈ ਅਤੇ ਉਹ ਘੁਟਾਲੇ ਵਾਲੀ ਸਰਕਾਰ ਲਈ ਕੰਮ ਨਹੀਂ ਕਰ ਸਕਦੇ। ਦੋਨਾਂ ਮੰਤਰੀਆਂ ਨੇ ਅਜਿਹੇ ਸਮੇਂ ਵਿਚ ਅਸਤੀਫਾ ਦਿੱਤਾ ਹੈ ਜਦੋਂ ਹਾਲ ਹੀ ਵਿਚ ਇਕ ਸਾਬਕਾ ਨੌਕਰਸ਼ਾਹ ਨੇ ਮੁਅੱਤਲ ਸੰਸਦ ਮੈਂਬਰ ਕ੍ਰਿਸ ਪਿਨਚਰ ਖ਼ਿਲਾਫ਼ ਦੋਸ਼ਾਂ ਨਾਲ ਨਜਿੱਠਣ ਬਾਰੇ ਡਾਉਨਿੰਗ ਸਟ੍ਰੀਟ ਦੇ ਤਰੀਕੇ ਨੂੰ ਲੈਕੇ ਟਿੱਪਣੀ ਕੀਤੀ ਸੀ, ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ- ਯੂਕੇ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਨਵੇਂ ਵਿੱਤ ਅਤੇ ਸਿਹਤ ਮੰਤਰੀ ਦੀ ਕੀਤੀ ਨਿਯੁਕਤੀ


Vandana

Content Editor

Related News