ਬਾਈਡੇਨ ਨੇ ਆਸਟ੍ਰੇਲੀਆ, ਜਾਪਾਨ ਅਤੇ ਦੱਖਣੀ ਕੋਰੀਆ ਦੇ ਨੇਤਾਵਾਂ ਨਾਲ ਕੀਤੀ ਗੱਲਬਾਤ
Thursday, Nov 12, 2020 - 06:03 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਸਟ੍ਰੇਲੀਆ, ਜਾਪਾਨ ਅਤੇ ਦੱਖਣੀ ਕੋਰੀਆ ਦੇ ਨੇਤਾਵਾਂ ਦੇ ਨਾਲ ਫੋਨ 'ਤੇ ਗੱਲ ਕੀਤੀ। ਇਸ ਦੌਰਾਨ ਉਹਨਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਨੂੰ ਕਾਇਮ ਰੱਖਣ ਅਤੇ ਖੇਤਰ ਦੀ ਖੁਸ਼ਹਾਲੀ 'ਤੇ ਜ਼ੋਰ ਦਿੱਤਾ। ਬਾਈਡੇਨ ਦੀ ਸੱਤਾ ਟਰਾਂਸਫਰ ਟੀਮ ਵੱਲੋਂ ਜਾਰੀ ਬਿਆਨ ਦੇ ਮੁਤਾਬਕ, ਬਾਈਡੇਨ ਨੇ ਬੁੱਧਵਾਰ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ, ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨਾਲ ਫੋਨ 'ਤੇ ਗੱਲ ਕੀਤੀ।
ਅਮਰੀਕਾ ਵਿਚ ਤਿੰਨ ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਬਾਈਡੇਨ ਦੀ ਜਿੱਤ ਦੇ ਬਾਅਦ ਸ਼ੁੱਭਕਾਮਨਾਵਾਂ ਦੇਣ ਦੇ ਲਈ ਇਹਨਾਂ ਨੇਤਾਵਾਂ ਨੇ ਫੋਨ ਕੀਤਾ। ਮੌਰੀਸਨ ਨਾਲ ਗੱਲਬਾਤ ਵਿਚ ਬਾਈਡੇਨ ਨੇ ਰੇਖਾਂਕਿਤ ਕੀਤਾ ਕਿ ਅਮਰੀਕਾ ਅਤੇ ਆਸਟ੍ਰੇਲੀਆ ਕਦਰਾਂ-ਕੀਮਤਾਂ ਅਤੇ ਇਤਿਹਾਸ ਸਾਂਝਾ ਕਰਦੇ ਹਨ ਅਤੇ ਦੋਹਾਂ ਦੇਸ਼ਾਂ ਨੇ ਪਹਿਲੇ ਵਿਸ਼ਵ ਯੁੱਧ ਦੇ ਬਾਅਦ ਤੋਂ ਹੀ ਸਾਰੇ ਸੰਘਰਸ਼ਾਂ ਦਾ ਮਿਲ ਕੇ ਸਾਹਮਣਾ ਕੀਤਾ ਹੈ। ਬਾਈਡੇਨ ਨੇ ਕਿਹਾ ਕਿ ਉਹ ਮੌਰੀਸਨ ਦੇ ਨਾਲ ਕੋਵਿਡ-19 ਗਲੋਬਲ ਮਹਾਮਾਰੀ ਨਾਲ ਨਜਿੱਠਣ, ਭਵਿੱਖ ਦੇ ਗਲੋਬਲ ਸਿਹਤ ਖਤਰਿਆਂ ਤੋਂ ਬਚਾਅ, ਜਲਵਾਯੂ ਤਬਦੀਲੀ, ਗਲੋਬਲ ਅਰਥਵਿਵਸਥਾ ਨੂੰ ਮੁੜ ਤੋਂ ਪਟਰੀ 'ਤੇ ਲਿਆਉਣ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨ, ਲੋਕਤੰਤਰ ਦੀ ਮਜ਼ਬੂਤੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਕਾਇਮ ਰੱਖਣ ਅਤੇ ਖੇਤਰ ਦੀ ਖੁਸ਼ਹਾਲੀ ਸਮੇਤ ਸਾਰੀਆਂ ਸਾਂਝੀਆਂ ਚੁਣੌਤੀਆਂ 'ਤੇ ਮਿਲ ਕੇ ਕੰਮ ਕਰਨ ਦੇ ਚਾਹਵਾਨ ਹਨ।
I’ve just spoken to President-elect @JoeBiden to congratulate him on his election. There are no greater friends and no greater allies than Australia and the US. pic.twitter.com/eZm7I4p7Ih
— Scott Morrison (@ScottMorrisonMP) November 12, 2020
ਬਾਈਡੇਨ ਨੇ ਸੁਗਾ ਨਾਲ ਗੱਲਬਾਤ ਦੇ ਦੌਰਾਨ ਵਧਾਈ ਦੇਣ ਦੇ ਲਈ ਧੰਨਵਾਦ ਕੀਤਾ। ਉਹਨਾਂ ਨੇ ਧਾਰਾ-ਪੰਜ ਦੇ ਤਹਿਤ ਜਾਪਾਨ ਦੀ ਸੁਰੱਖਿਆ ਦੀ ਅਮਰੀਕੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ ਅਤੇ ਅਮਰੀਕਾ-ਜਾਪਾਨ ਹਿੱਸੇਦਾਰੀ ਨੂੰ ਨਵੇਂ ਖੇਤਰਾਂ ਵਿਚ ਵੀ ਹੋਰ ਮਜ਼ਬੂਤ ਕਰਨ ਦੀ ਇੱਛਾ ਜ਼ਾਹਰ ਕੀਤੀ। ਬਾਈਡੇਨ ਨੇ ਮੂਨ ਦੇ ਨਾਲ ਫੋਨ 'ਤੇ ਹੋਈ ਗੱਲਬਾਤ ਵਿਚ ਅਮਰੀਕਾ-ਦੱਖਣੀ ਕੋਰੀਆ ਹਿੱਸੇਦਾਰੀ ਨੂੰ ਮਜ਼ਬੂਤ ਕਰਨ ਦੀ ਇੱਛਾ ਜ਼ਾਹਰ ਕੀਤੀ। ਨਵੇਂ ਚੁਣੇ ਗਏ ਰਾਸ਼ਟਰਪਤੀ ਬਾਈਡੇਨ ਨੇ ਤਿੰਨ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਗੱਲਬਾਤ ਵਿਚ ਹਿੰਦ-ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਮਜ਼ਬੂਤ ਕਰਨ ਅਤੇ ਖੇਤਰ ਦੀ ਖੁਸ਼ਹਾਲੀ 'ਤੇ ਜ਼ੋਰ ਦਿੱਤਾ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਬਾਈਡੇਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ, ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਟੀ. ਮਾਇਕਲ ਨਾਲ ਵੀ ਫੋਨ 'ਤੇ ਗੱਲ ਕੀਤੀ ਸੀ।