ਬਾਈਡੇਨ ਹਿੰਦ-ਪ੍ਰਸ਼ਾਂਤ ਖੇਤਰ ''ਚ ''ਕਵਾਡ'' ਸਹਿਯੋਗੀਆਂ ਨਾਲ ਜਲਦ ਹਿੱਸੇਦਾਰੀ ਦੇ ਚਾਹਵਾਨ
Friday, Mar 05, 2021 - 06:02 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਆਪਣੇ ਸਹਿਯੋਗੀਆਂ ਆਸਟ੍ਰੇਲੀਆ, ਭਾਰਤ ਅਤੇ ਜਾਪਾਨ ਦੇ ਨਾਲ ਜਲਦ ਤੋਂ ਜਲਦ ਸਹਿਯੋਗ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਇਹ ਜਾਣਕਾਰੀ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਕਵਾਡ ਦੇਸ਼ਾਂ ਵਿਚ ਜਾਪਾਨ, ਭਾਰਤ, ਆਸਟ੍ਰੇਲੀਆ ਅਤੇ ਅਮਰੀਕਾ ਸ਼ਾਮਲ ਹਨ। ਚਾਰੇ ਦੇਸ਼ਾਂ ਨੇ 2017 ਵਿਚ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਹਮਲਾਵਰ ਰੱਵਈਆ ਦਾ ਮੁਕਾਬਲਾ ਕਰਨ ਲਈ 'ਕਵਾਡ' ਜਾਂ ਚਾਰ ਦੇਸ਼ਾਂ ਦਾ ਗਠਜੋੜ ਬਣਾਉਣ ਦੇ ਪ੍ਰਸਤਾਵ ਨੂੰ ਅਮਲੀ ਰੂਪ ਦਿੱਤਾ ਸੀ।
ਪ੍ਰਸ਼ਾਸਨ ਨੇ ਇਕ ਸੀਨੀਅਰ ਅਧਿਕਾਰੀ ਨੇ ਪੀ.ਟੀ.ਆਈ. ਨੂੰ ਕਿਹਾ,''ਰਾਸ਼ਟਰਪਤੀ ਬਾਈਡੇਨ ਦੀ ਆਸਟ੍ਰੇਲੀਆ, ਭਾਰਤ ਅਤੇ ਜਾਪਾਨ ਦੇ ਆਪਣੇ ਹਮਰੁਤਬਿਆਂ ਨਾਲ ਨਿੱਘੀ ਅਤੇ ਸਕਾਰਾਤਮਕ ਗੱਲਬਾਤ ਹੋਈ ਹੈ ਅਤੇ ਉਹ ਹਿੰਦ-ਪ੍ਰਸ਼ਾਂਤ ਖੇਤਰ ਵਿਚ ਆਪਣੇ ਸਹਿਯੋਗੀਆਂ ਨਾਲ ਜਲਦ ਤੋਂ ਜਲਦ ਸਿੱਧੀ ਹਿੱਸੇਦਰੀ ਲਈ ਚਾਹਵਾਨ ਹਨ।'' ਅਧਿਕਾਰੀ ਨੇ ਦੱਸਿਆ ਕਿ ਸਹੁੰ ਚੁੱਕਣ ਦੇ 50 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਵਿਦੇਸ਼ ਮੰਤਰੀ ਟੋਨੀ ਬਲਿੰਕਨ, ਰੱਖਿਆ ਮੰਤਰੀ ਲੌਇਡ ਆਸਟਿਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਾਨ ਸਮੇਤ ਪ੍ਰਸ਼ਾਸਨ ਦੇ ਸੀਨੀਅਰ ਮੈਂਬਰਾਂ ਨੇ ਕਵਾਡ ਦੇਸ਼ਾਂ ਦੇ ਆਪਣੇ ਹਮਰੁਤਬਿਆਂ ਨਾਲ ਗੱਲਬਾਤ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ -ਪਾਕਿ ਸਰਕਾਰ ਦੀ ਕੋਰੋਨਾ ਟੀਕੇ ਖਰੀਦਣ ਦੀ ਯੋਜਨਾ ਨਹੀਂ, ਦਾਨ 'ਚ ਮਿਲਣ ਦਾ ਇੰਤਜ਼ਾਰ
ਬਾਈਡੇਨ ਨੇ ਦੁਨੀਆ ਦੇ ਜਿਹੜੇ ਚੋਟੀ ਦੇ 10 ਨੇਤਾਵਾਂ ਨੂੰ ਫੋਨ ਕੀਤਾ ਉਹਨਾਂ ਵਿਚ ਕਵਾਡ ਦੇਸ਼ਾਂ ਦੇ ਨੇਤਾ ਵੀ ਸ਼ਾਮਲ ਹਨ। ਉਹਨਾਂ ਦੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ 27 ਜਨਵਰੀ ਨੂੰ ,ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ 3 ਫਰਵਰੀ ਨੂੰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 8 ਫਰਵਰੀ ਨੂੰ ਗੱਲ ਕੀਤੀ ਸੀ। ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਦੇ ਸਮੂਹ ਨੂੰ ਕਵਾਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਬਾਈਡੇਨ ਪ੍ਰਸ਼ਾਸਨ ਇਸ ਨੂੰ ਮਜ਼ਬੂਤੀ ਦੇਣ ਵਿਚ ਲੱਗਾ ਹੋਇਆ ਹੈ। ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਬੈਠਕ ਹੋ ਚੁੱਕੀ ਹੈ। ਜਾਪਾਨ ਦੀ ਮੀਡੀਆ ਨੇ ਪਿਛਲੇ ਮਹੀਨੇ ਖ਼ਬਰ ਦਿੱਤੀ ਸੀ ਕਿ ਕਵਾਡ ਸਿਖਰ ਸੰਮੇਲਨ ਦੀਆਂ ਤਿਆਰੀਆਂ ਜਾਰੀ ਹਨ।