ਬਿਡੇਨ ਨੇ ਟਰੰਪ ਖਿਲਾਫ ਮਹਾਦੋਸ਼ ਚਲਾਉਣ ਦੀ ਮੰਗ ਕੀਤੀ
Thursday, Oct 10, 2019 - 02:05 PM (IST)

ਵਾਸ਼ਿੰਗਟਨ— ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਦੇ ਮੁੱਖ ਦਾਅਵੇਦਾਰ ਜੋਅ ਬਿਡੇਨ ਨੇ ਪਹਿਲੀ ਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਦੋਸ਼ ਚਲਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਟਰੰਪ ਅਮਰੀਕਾ ਦੇ ਲੋਕਤੰਤਰ ਲਈ ਖਤਰਾ ਹਨ। ਉਨ੍ਹਾਂ ਨੇ ਅਹੁਦੇ ਦੀ ਸਹੁੰ ਚੁੱਕਣ ਦਾ ਉਲੰਘਣ ਕੀਤਾ ਹੈ। ਟਰੰਪ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਯੁਕ੍ਰੇਨ ਦੇ ਰਾਸ਼ਟਰਪਤੀ ਨਾਲ 25 ਜੁਲਾਈ ਨੂੰ ਟੈਲੀਫੋਨ 'ਤੇ ਹੋਈ ਗੱਲਬਾਤ 'ਚ ਡੈਮੋਕ੍ਰੇਟਿਕ ਪਾਰਟੀ ਨਾਲ ਆਪਣੇ ਸੰਭਾਵਿਤ ਵਿਰੋਧੀ ਉਮੀਦਵਾਰ ਬਿਡੇਨ ਖਿਲਾਫ ਜਾਂਚ ਕਰਨ ਨੂੰ ਕਿਹਾ ਸੀ। ਡੈਮੋਕ੍ਰੇਟ ਮੈਂਬਰਾਂ ਦਾ ਕਹਿਣਾ ਹੈ ਕਿ ਟਰੰਪ ਨੇ ਯੁਕਰੇਨ ਨੂੰ ਅਮਰੀਕੀ ਫੌਜੀ ਸਹਾਇਤਾ ਰੋਕ ਕੇ ਉੱਥੇ ਦੇ ਰਾਸ਼ਟਰਪਤੀ ਜੈਲੈਂਸਕੀ ਨੂੰ ਇਸ ਦੇ ਲਈ ਕਿਹਾ। ਟਰੰਪ ਨੇ ਦੋਸ਼ ਤੋਂ ਇਨਕਾਰ ਕੀਤਾ ਹੈ ਅਤੇ ਜਾਂਚ ਨੂੰ ਬੁਰੀ ਭਾਵਨਾ ਨਾਲ ਪ੍ਰੇਰਿਤ ਦੱਸਿਆ ਹੈ।
ਨਿਊ ਹੈਂਪਸ਼ਾਇਰ 'ਚ ਇਕ ਚੋਣ ਰੈਲੀ 'ਚ ਬਿਡੇਨ ਨੇ ਕਿਹਾ ਕਿ ਅਮਰੀਕਾ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਰਾਸ਼ਟਰਪਤੀ ਨੇ ਇਸ ਤਰ੍ਹਾਂ ਦਾ ਕਲਪਨਾਰਹਿਤ ਵਿਵਹਾਰ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਆਪਣੇ ਸ਼ਬਦਾਂ ਅਤੇ ਆਪਣੀਆਂ ਗਤੀਵਿਧੀਆਂ ਤੋਂ ਖੁਦ ਨੂੰ ਦੋਸ਼ੀ ਦਿਖਾਇਆ ਹੈ। ਬਿਡੇਨ ਨੇ ਪਹਿਲੀ ਵਾਰ ਜਨਤਕ ਰੂਪ ਨਾਲ ਟਰੰਪ 'ਤੇ ਮਹਾਦੋਸ਼ ਚਲਾਉਣ ਦਾ ਸਮਰਥਨ ਕਰਦੇ ਹੋਏ ਕਿਹਾ,''ਅਮਰੀਕੀ ਜਨਤਾ ਸਾਫ ਦੇਖ ਸਕਦੀ ਹੈ ਕਿ ਟਰੰਪ ਨੇ ਆਪਣੇ ਅਹੁਦੇ ਦਾ ਉਲੰਘਣ ਕੀਤਾ, ਰਾਸ਼ਟਰ ਨੂੰ ਧੋਖਾ ਦਿੱਤਾ ਅਤੇ ਮਹਾਦੋਸ਼ ਲਾਇਕ ਕੰਮ ਕੀਤੇ ਹਨ।''