ਜਿਨਪਿੰਗ ਨੂੰ ਇਮਰਾਨ ਦੇ ‘ਤੋਹਫੇ’ ਵਿਰੁੱਧ ਪਾਕਿ ’ਚ ਰੌਲਾ

10/09/2019 8:25:27 AM

ਇਸਲਾਮਾਬਾਦ, (ਏਜੰਸੀਆਂ)– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਤੀਜੇ ਅਧਿਕਾਰਤ ਦੌਰੇ ’ਤੇ ਮੰਗਲਵਾਰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਲਈ ਬੀਜਿੰਗ ਪੁੱਜੇ। ਚੀਨ ਵਲੋਂ ਪਾਕਿਸਤਾਨ ਵਿਚ ਬਣਾਏ ਜਾ ਰਹੇ ਚੀਨ-ਪਾਕਿਸਤਾਨ ਇਕਨਾਮਿਕ ਕਾਰੀਡੋਰ (ਸੀ. ਪੀ. ਈ. ਸੀ.) ਕਾਰਣ ਇਸ ਦੌਰੇ ਨੂੰ ਭਾਰੀ ਅਹਿਮੀਅਤ ਦਿੱਤੀ ਜਾ ਰਹੀ ਹੈ। ਇਮਰਾਨ ਖਾਨ ਜਿਨਪਿੰਗ ਦੇ ‘ਤੋਹਫੇ’ ਭਾਵ ਕਰਾਚੀ-ਪੇਸ਼ਾਵਰ ਰੇਲ ਟ੍ਰੈਕ ਦੇ ਪ੍ਰਾਜੈਕਟ ਸਬੰਧੀ ਪ੍ਰਵਾਨਗੀ ਲੈਣ ਲਈ ਵੀ ਇਥੇ ਆਏ ਹਨ ਪਰ ਆਪਣੇ ‘ਘਰ’ ਵਿਚ ਹੀ ਉਨ੍ਹਾਂ ਲਈ ਵੱਡੀ ਮੁਸ਼ਕਲ ਬਣ ਗਈ ਹੈ, ਕਿਉਂਕਿ ਸਿੰਧ ਸੂਬੇ ਦੇ ਹਾਊਸ ਵਿਚ ਇਮਰਾਨ ਦੇ ਇਸ ਪ੍ਰਾਜੈਕਟ ਵਿਰੁੱਧ ਮਤਾ ਪਾਸ ਕੀਤਾ ਗਿਆ ਹੈ ਅਤੇ ਇਸ ਨੂੰ ਲਾਗੂ ਨਾ ਕਰਨ ਦੀ ਗੱਲ ਕਹੀ ਗਈ ਹੈ।

ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਕਰਾਚੀ-ਪੇਸ਼ਾਵਰ ਰੇਲ ਟ੍ਰੈਕ ਇਮਰਾਨ ਖਾਨ ਦੇ ਦੌਰੇ ਦੇ ਅਹਿਮ ਪ੍ਰਾਜੈਕਟਾਂ ਵਿਚੋਂ ਇਕ ਹੈ। ਸਿੰਧ ਵਿਧਾਨ ਸਭਾ ਦਾ ਪ੍ਰਸਤਾਵ ਇਹ ਹੈ ਕਿ ਇਸ ਟ੍ਰੈਕ ਨੂੰ ਛੱਡ ਕੇ ਕਰਾਚੀ ਸਰਕੂਲਰ ਰੇਲਵੇ ਪ੍ਰਾਜੈਕਟ ਵਲ ਵਿਸ਼ੇਸ਼ ਧਿਆਨ ਦਿੱਤਾ ਜਾਏ। ਇਕ ਦਿਨ ਪਹਿਲਾਂ ਸੂਬਾਈ ਵਿਧਾਨ ਸਭਾ ਵਿਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਇਕ ਮੈਂਬਰ ਗਨਵੇਰ ਇਸਰਾਨ ਵਲੋਂ ਇਮਰਾਨ ਸਰਕਾਰ ਵਿਰੁੱਧ ਮਤਾ ਲਿਆਂਦਾ ਗਿਆ ਸੀ, ਜਿਹੜਾ ਪਾਸ ਹੋ ਗਿਆ।

ਸਿੰਧ ਸਰਕਾਰ ਦੀ ਮੰਗ ਹੈ ਕਿ ਜਦੋਂ ਪਹਿਲਾਂ ਹੀ ਕਰਾਚੀ ਸਰਕੂਲਰ ਰੇਲਵੇ ਪ੍ਰਾਜੈਕਟ ਨੂੰ ਚੀਨ ਸਰਕਾਰ ਦੀ ਸਹਿਮਤੀ ਨਾਲ ਪੀ. ਈ. ਸੀ. ਵਿਚ ਸ਼ਾਮਲ ਕਰ ਲਿਆ ਗਿਆ ਹੈ ਤਾਂ ਇਮਰਾਨ ਖਾਨ ਦੀ ਫੈਡਰਲ ਸਰਕਾਰ ਇਸ ਪ੍ਰਾਜੈਕਟ ਨੂੰ ਹਟਾ ਕੇ ਕਰਾਚੀ-ਪੇਸ਼ਾਵਰ ਰੇਲ ਟ੍ਰੈਕ ਨੂੰ ਇਸ ਵਿਚ ਕਿਉਂ ਸ਼ਾਮਲ ਕਰਵਾ ਰਹੀ ਹੈ?

ਇਮਰਾਨ ਸਰਕਾਰ ਦਾ ਫੈਸਲਾ ਲੋਕਾਂ ਲਈ ਧੋਖਾ

ਸਿੰਧ ਸਰਕਾਰ ਦਾ ਦਾਅਵਾ ਹੈ ਕਿ ਕੇ. ਸੀ. ਆਰ. ਪ੍ਰਾਜੈਕਟ ਕਰਾਚੀ ਦੇ ਲੋਕਾਂ ਲਈ ਰੋਜ਼ਗਾਰ ਤੇ ਨਿਵੇਸ਼ ਲਿਆਉਣ ਵਾਲਾ ਹੋਵੇਗਾ ਪਰ ਇਮਰਾਨ ਸਰਕਾਰ ਦਾ ਫੈਸਲਾ ਲੋਕਾਂ ਲਈ ਧੋਖਾ ਹੋਵੇਗਾ। ਸਿੰਧ ਸੂਬੇ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਇਸ ਸਬੰਧੀ ਇਮਰਾਨ ਨੂੰ ਅਪੀਲ ਵੀ ਕੀਤੀ ਹੈ। ਨਾਲ ਹੀ ਪ੍ਰਾਜੈਕਟ ਦੀ ਗਾਰੰਟੀ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇ ਇਮਰਾਨ ਸਰਕਾਰ ਇਸ ਸਬੰਧੀ ਪ੍ਰਵਾਨਗੀ ਨਹੀਂ ਲੈਂਦੀ ਤਾਂ ਕਰਾਚੀ-ਪੇਸ਼ਾਵਰ ਰੇਲ ਟ੍ਰੈਕ ਪ੍ਰਾਜੈਕਟ ਨੂੰ ਸਿੰਧ ਸੂਬੇ ਵਿਚ ਲਾਗੂ ਨਹੀਂ ਹੋਣ ਦਿੱਤਾ ਜਾਏਗਾ।


Related News