ਹੈਰਾਨੀਜਨਕ! ਇਸ ਦੇਸ਼ ਨੇ 'ਸ਼ਰਾਬ' ਦੀ ਖਪਤ ਵਧਾਉਣ ਲਈ ਨੌਜਵਾਨਾਂ 'ਚ ਸ਼ੁਰੂ ਕੀਤੇ ਮੁਕਾਬਲੇ

Friday, Aug 19, 2022 - 03:27 PM (IST)

ਟੋਕੀਓ (ਬਿਊਰੋ): ਜਾਪਾਨ ਵਿੱਚ ਨੌਜਵਾਨ ਬਾਲਗ ਆਪਣੇ ਮਾਪਿਆਂ ਨਾਲੋਂ ਘੱਟ ਸ਼ਰਾਬ ਪੀ ਰਹੇ ਹਨ, ਜਿਸ ਕਾਰਨ ਰਾਈਸ ਵਾਈਨ ਵਰਗੇ ਪੀਣ ਵਾਲੇ ਪਦਾਰਥਾਂ 'ਤੇ ਆਉਣ ਵਾਲਾ ਟੈਕਸ ਪ੍ਰਭਾਵਿਤ ਹੋਇਆ। ਅਧਿਕਾਰੀਆਂ ਨੂੰ ਉਮੀਦ ਹੈ ਕਿ ਉਹ ਨਵੀਂ ਮੁਹਿੰਮ ਨਾਲ ਇਸ ਨੂੰ ਬਦਲਣ ਦੇ ਯੋਗ ਹੋਣਗੇ। ਦੇਸ਼ ਦੀ ਨੈਸ਼ਨਲ ਟੈਕਸ ਏਜੰਸੀ ਨੇ ਇੱਕ ਮੁਕਾਬਲਾ ਸ਼ੁਰੂ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ 'ਸੈਕ ਵਿਵਾ!' (Sake Viva) ਮੁਹਿੰਮ ਸ਼ਰਾਬ ਦੀ ਖਪਤ ਨੂੰ ਹੋਰ ਆਕਰਸ਼ਕ ਬਣਾ ਸਕਦੀ ਹੈ ਅਤੇ ਉਦਯੋਗ ਨੂੰ ਅੱਗੇ ਲੈ ਜਾ ਸਕਦੀ ਹੈ। ਇਸ ਆਨਲਾਈਨ ਮੁਕਾਬਲੇ ਵਿੱਚ 20 ਤੋਂ 39 ਸਾਲ ਤੱਕ ਦੇ ਲੋਕ ਭਾਗ ਲੈ ਸਕਦੇ ਹਨ। ਲੋਕਾਂ ਨੂੰ ਜਾਪਾਨੀ ਪੀਣ ਵਾਲੇ ਪਦਾਰਥਾਂ ਨੂੰ ਪ੍ਰਸਿੱਧ ਬਣਾਉਣ ਲਈ ਇੱਕ ਕਾਰੋਬਾਰੀ ਯੋਜਨਾ ਦੇ ਨਾਲ ਆਉਣਾ ਪੈਂਦਾ ਹੈ, ਭਾਵੇਂ ਇਹ ਸਾਕੇ ਜਾਂ ਸ਼ੋਚੂ ਜਾਂ ਵਿਸਕੀ ਜਾਂ ਬੀਅਰ ਜਾਂ ਵਾਈਨ ਹੋਵੇ।

ਬੀਬੀਸੀ ਦੀ ਖ਼ਬਰ ਮੁਤਾਬਕ ਏਜੰਸੀ ਦਾ ਕਹਿਣਾ ਹੈ ਕਿ ਕੋਵਿਡ ਦੌਰਾਨ ਲੋਕਾਂ ਵਿੱਚ ਸ਼ਰਾਬ ਦੀ ਲਤ ਘੱਟ ਗਈ, ਜਿਸ ਨਾਲ ਉਦਯੋਗ ਨੂੰ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਜਾਪਾਨ ਦੀ ਬਜ਼ੁਰਗ ਆਬਾਦੀ ਵੀ ਸ਼ਰਾਬ ਦੀ ਘਟਦੀ ਵਿਕਰੀ ਲਈ ਜ਼ਿੰਮੇਵਾਰ ਹੈ।ਟੈਕਸ ਏਜੰਸੀ ਦੁਆਰਾ ਸ਼ੁਰੂ ਕੀਤੇ ਗਏ ਮੁਕਾਬਲਿਆਂ ਵਿੱਚ ਅਲਕੋਹਲ ਦੀ ਪ੍ਰਸਿੱਧੀ ਵਧਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਲੈ ਕੇ ਪ੍ਰਚਾਰ ਮੁਹਿੰਮਾਂ ਤੱਕ ਵੀ ਵਰਤੋਂ ਕੀਤੀ ਜਾ ਸਕਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਵੀਜ਼ਾ ਦੀ ਉਡੀਕ ਕਰ ਰਹੇ ਭਾਰਤੀ ਵਿਦਿਆਰਥੀਆਂ ਲਈ ਹਾਈ ਕਮਿਸ਼ਨ ਨੇ ਜਾਰੀ ਕੀਤੀ ਅਪਡੇਟ

ਕਈਆਂ ਨੇ ਗ਼ਲਤ ਕਿਹਾ ਤੇ ਕਈਆਂ ਨੇ ਭੇਜੇ ਵਿਚਾਰ 

ਇਸ ਮੁਹਿੰਮ ਨੂੰ ਲੈ ਕੇ ਜਨਤਾ ਦੋ ਧੜਿਆਂ ਵਿੱਚ ਵੰਡੀ ਹੋਈ ਹੈ। ਕੁਝ ਲੋਕ ਇਸ ਨੂੰ ਗ਼ਲਤ ਆਦਤ ਦਾ ਪ੍ਰਚਾਰ ਦੱਸ ਰਹੇ ਹਨ, ਜਦਕਿ ਕੁਝ ਲੋਕ ਸ਼ਰਾਬ ਦੀ ਵਿਕਰੀ ਵਧਾਉਣ ਲਈ ਨਵੇਂ-ਨਵੇਂ ਵਿਚਾਰ ਸਾਂਝੇ ਕਰ ਰਹੇ ਹਨ। ਸਤੰਬਰ ਦੇ ਅੰਤ ਤੱਕ ਲੋਕਾਂ ਨੂੰ ਆਪਣੇ ਕਾਰੋਬਾਰੀ ਵਿਚਾਰ ਸਰਕਾਰੀ ਏਜੰਸੀ ਨੂੰ ਭੇਜਣੇ ਪੈਣਗੇ। ਮਾਹਿਰ ਇਨ੍ਹਾਂ ਯੋਜਨਾਵਾਂ 'ਤੇ ਕੰਮ ਕਰਨਗੇ ਅਤੇ ਇਨ੍ਹਾਂ ਨੂੰ ਬਿਹਤਰ ਬਣਾਉਣਗੇ ਅਤੇ ਨਵੰਬਰ 'ਚ ਇਨ੍ਹਾਂ ਨੂੰ ਅੰਤਿਮ ਰੂਪ ਦੇਣਗੇ। ਇਸ ਮੁਹਿੰਮ ਲਈ ਇੱਕ ਵੈਬਸਾਈਟ ਵੀ ਬਣਾਈ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਜਾਪਾਨ ਵਿੱਚ ਸ਼ਰਾਬ ਦੀ ਮਾਰਕੀਟ ਘਟੀ ਹੈ।

ਸਰਕਾਰ ਦਾ ਘਾਟਾ ਵਧਿਆ 

ਅੰਕੜੇ ਦੱਸਦੇ ਹਨ ਕਿ 1995 ਦੇ ਮੁਕਾਬਲੇ 2020 ਵਿੱਚ ਘੱਟ ਲੋਕ ਸ਼ਰਾਬ ਪੀ ਰਹੇ ਹਨ। 1995 ਵਿੱਚ, ਇੱਕ ਜਾਪਾਨੀ ਵਿਅਕਤੀ ਇੱਕ ਸਾਲ ਵਿੱਚ ਔਸਤਨ 100 ਲੀਟਰ ਸ਼ਰਾਬ ਪੀਂਦਾ ਸੀ। 2020 ਵਿੱਚ ਇਹ 75 ਲੀਟਰ ਰਹਿ ਗਿਆ। ਇਸ ਦਾ ਸਰਕਾਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। 1980 ਵਿੱਚ ਦੇਸ਼ ਦੀ ਕੁੱਲ ਆਮਦਨ ਦਾ 5 ਫ਼ੀਸਦੀ ਹਿੱਸਾ ਸ਼ਰਾਬ ਦੀ ਵਿਕਰੀ ਤੋਂ ਆਉਂਦਾ ਸੀ ਪਰ 2020 ਵਿੱਚ ਇਹ ਘਟ ਕੇ ਸਿਰਫ਼ 1.7 ਫ਼ੀਸਦੀ ਰਹਿ ਗਿਆ ਹੈ। ਇਸ ਵਿੱਚ ਸਭ ਤੋਂ ਵੱਡੀ ਭੂਮਿਕਾ ਜਾਪਾਨ ਦੀ ਆਬਾਦੀ ਦੀ ਹੈ ਜੋ ਤੇਜ਼ੀ ਨਾਲ ਬੁੱਢੀ ਹੋ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News